ਪੰਜਾਬ ਨੈਸ਼ਨਲ ਬੈਂਕ ਦੀਆਂ ਏ.ਟੀ.ਐਮ ਮਸ਼ੀਨਾਂ ਪਈਆਂ ਹਨ ਠੱਪ, ਲੋਕ ਹੋ ਰਹੇ ਹਨ ਖੱਜਲ ਖ਼ੁਆਰ (ਨਿਊਜ਼ਨੰਬਰ ਖ਼ਾਸ ਖਬਰ)

Last Updated: Jun 14 2018 16:36

ਬੈਂਕਾਂ ਵੱਲੋਂ ਜਿੱਥੇ ਆਪਣੀ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਅਤੇ ਗ੍ਰਾਹਕ ਲਈ ਪਾਰਦਰਸ਼ੀ ਅਤੇ ਸਹੂਲਤਾਂ ਨਾਲ ਲੈਸ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਕੁਝ ਬੈਂਕ ਪ੍ਰਬੰਧਕਾਂ ਦੀ ਲਾਪਰਵਾਹੀ ਗ੍ਰਾਹਕਾਂ ਲਈ ਖੱਜਲ ਖ਼ੁਆਰੀ ਦਾ ਕਾਰਨ ਬਣ ਜਾਂਦੀਆਂ ਹਨ, ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦੀ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਦਾ ਹੈ, ਜਿੱਥੇ ਲੋਕਾਂ ਦੀ ਸਹੂਲਤ ਲਈ ਲੱਗੇ ਏ.ਟੀ.ਐਮ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕਾਂ ਨੂੰ ਅੱਜ-ਕੱਲ੍ਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਬੈਂਕ ਦੇ ਏ.ਟੀ.ਐਮ ਮਸ਼ੀਨਾਂ ਨੂੰ ਲੈਕੇ ਹੈ, ਕੁਝ ਦਾ ਤਾਂ ਖਰਾਬ ਹੋਕੇ ਉਨ੍ਹਾਂ ਦਾ ਅੰਜਰ-ਪੰਜਰ ਹੀ ਬਾਹਰ ਨਿਕਲਿਆ ਹੋਇਆ ਹੈ ਤਾਂ ਬਾਕੀਆਂ ਦਾ ਇਹ ਭਰੋਸਾ ਨਹੀਂ ਹੁੰਦਾ ਕਿ ਉਹ ਚੱਲੇ ਕੇ ਨਾ ਚੱਲੇ। ਇਨ੍ਹਾਂ ਮਸ਼ੀਨਾਂ ਦੀ ਇਸ ਹਾਲਤ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਬੈਂਕ ਪ੍ਰਬੰਧਕ ਠੰਡੇ ਪੱਖਿਆਂ ਹੇਠ ਬੈਠ ਕੇ ਗ੍ਰਾਹਕ ਨੂੰ ਪੇਸ਼ ਆ ਰਹੀ ਪਰੇਸ਼ਾਨੀ ਅਤੇ ਸਮੱਸਿਆ ਦਾ ਹੱਲ ਕਰਨ 'ਚ ਸਫਲ ਨਹੀਂ ਹੋ ਪਾ ਰਹੇ ਹਨ।

ਜਾਣਕਾਰੀ ਅਨੁਸਾਰ ਪੀ.ਐਨ.ਬੀ ਦੀ ਮੁੱਖ ਸ਼ਾਖਾ ਦੇ ਅੰਦਰ ਦੋ ਮਸ਼ੀਨਾਂ ਲੱਗੀਆਂ ਹਨ ਜਿਨ੍ਹਾਂ 'ਚ ਇੱਕ ਮਸ਼ੀਨ ਰਾਹੀਂ ਪੈਸੇ ਜਮਾਂ ਵੀ ਕਰਵਾਏ ਜਾ ਸਕਦੇ ਹਨ ਅਤੇ ਉਸ 'ਚੋਂ ਕਢਵਾਏ ਵੀ ਜਾਂਦੇ ਹਨ, ਜਦਕਿ ਬੈਂਕ ਦੇ ਬਾਹਰ ਬੈਂਕ ਇਮਾਰਤ 'ਚ ਹੀ ਏ.ਟੀ.ਐਮ ਲੱਗਿਆ ਹੋਇਆ ਹੈ ਜਿਸ ਵਿੱਚ ਦੋ ਮਸ਼ੀਨਾਂ ਸਥਾਪਤ ਹਨ। ਬੈਂਕ ਦੇ ਅੰਦਰ ਵਾਲੀ ਏ.ਟੀ.ਐਮ ਮਸ਼ੀਨ ਅਤੇ ਬਾਹਰ ਲੱਗੇ ਏ.ਟੀ.ਐਮ ਅੰਦਰ ਲੱਗੀਆਂ ਮਸ਼ੀਨਾਂ ਦੇ ਹਾਲਾਤ ਬਦਤਰ ਹਨ। ਅੰਦਰ ਵਾਲੀ ਮਸ਼ੀਨ ਅਤੇ ਬਾਹਰ ਵਾਲੀ ਇੱਕ ਮਸ਼ੀਨ ਤਾਂ ਪੂਰਨ ਤੌਰ 'ਤੇ ਖਰਾਬ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਹਾਲਾਤ ਕਬਾੜ ਜਿਹੇ ਹਨ, ਜਦਕਿ ਬਾਹਰ ਲੱਗੀ ਦੂਸਰੀ ਮਸ਼ੀਨ ਵੀ ਕੋਈ ਫਟਾਫਟ ਕੰਮ ਕਰਨ ਦੀ ਸਥਿਤੀ 'ਚ ਨਹੀਂ ਹੈ, ਉਹ ਵੀ ਰੱਬ ਆਸਰੇ ਹੀ ਕਦੇ ਕਦਾਈਂ ਚਲਦੀ ਹੈ। ਬੈਂਕ ਪ੍ਰਬੰਧਕ ਦੀ ਲਾਪਰਵਾਹੀ ਹੀ ਕਹੀ ਜਾ ਸਕਦੀ ਹੈ ਕਿ ਏ.ਟੀ.ਐਮ ਅੰਦਰ ਲੱਗੇ ਏ.ਸੀ ਵੀ ਕੰਮ ਨਹੀਂ ਕਰਦੇ। ਲੋਕਾਂ ਨੂੰ ਗਰਮੀ ਦੇ ਇਸ ਮੌਸਮ 'ਚ ਪਸੀਨੋ ਪਸੀਨ ਹੋਣਾ ਪੈਂਦਾ ਹੈ ਪਰ ਮੱਥਾ ਮਾਰਨ ਦੇ ਬਾਵਜੂਦ ਮਸ਼ੀਨ ਦੀ ਮਰਜੀ ਸਾਹਮਣੇ ਪੈਸੇ ਕਢਵਾਉਣ ਵਾਲੇ ਦੀ ਇੱਕ ਨਹੀਂ ਚਲਦੀ, ਜਿਸ ਕਰਕੇ ਉਸਨੂੰ ਕਿਸੇ ਹੋਰ ਏ.ਟੀ.ਐਮ ਦਾ ਰੁੱਖ ਕਰਨਾ ਪੈਂਦਾ ਹੈ।

ਇਸ ਸਬੰਧੀ ਜਦ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਦੇ ਚੀਫ਼ ਮੈਨੇਜਰ ਬ੍ਰਿਜਿੰਦਰ ਕੁਮਾਰ ਨਾਲ ਸੰਪਰਕ ਕਰਕੇ ਲੋਕਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਬਾਰੇ ਦੱਸਿਆ ਗਿਆ ਅਤੇ ਇਸਦੇ ਕਾਰਨ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਕੀਤੀ ਹੋਈ ਹੈ ਅਤੇ ਆਉਣ ਵਾਲੇ ਇੱਕ-ਦੋ ਦਿਨਾਂ ਅੰਦਰ ਇਸਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏ.ਟੀ.ਐਮ ਅੰਦਰ ਖਰਾਬ ਪਈ ਮਸ਼ੀਨ ਅਤੇ ਸ਼ਾਖਾ ਦੇ ਅੰਦਰ ਵਾਲੀ ਖਰਾਬ ਮਸ਼ੀਨ ਇੱਥੋਂ ਚੁੱਕ ਲਈ ਜਾਵੇਗੀ, ਉਨ੍ਹਾਂ ਦਾਅਵਾ ਕੀਤਾ ਕਿ ਬਾਹਰ ਲੱਗੇ ਏ.ਟੀ.ਐਮ 'ਚ ਇੱਕ ਮਸ਼ੀਨ ਕਦੇ ਹੀ ਕੋਈ ਮੁਸ਼ਕਿਲ ਦਿੰਦੀ ਹੈ ਪਰ ਉਹ ਦਰੁਸਤ ਹੈ। ਉਨ੍ਹਾਂ ਅਨੁਸਾਰ ਏ.ਸੀ ਠੀਕ ਕਰਵਾਉਣ ਬਾਰੇ ਵੀ ਮਕੈਨਿਕ ਨੂੰ ਬੁਲਾਇਆ ਹੈ ਅਤੇ ਉਹ ਵੀ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਅਨੁਸਾਰ ਖਰਾਬ ਮਸ਼ੀਨਾਂ ਦੀ ਜਗ੍ਹਾ ਨਵੀਆਂ ਮਸ਼ੀਨਾਂ ਲਾਉਣ ਬਾਰੇ ਹੱਲੇ ਤੱਕ ਕੋਈ ਯੋਜਨਾ ਨਹੀਂ ਹੈ, ਪਰ ਜੇਕਰ ਇਸ ਸਬੰਧੀ ਅਧਿਕਾਰੀਆਂ ਨੂੰ ਇੱਥੇ ਲੋੜ ਮਹਿਸੂਸ ਹੋਈ ਤਾਂ ਫਿਰ ਹੀ ਨਵੀਆਂ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ।

ਇੱਕ ਪਾਸੇ ਜਿੱਥੇ ਬੈਂਕਿੰਗ ਖੇਤਰ 'ਚ ਲੋਕਾਂ ਨੂੰ ਆਪਣੇ ਵੱਲ ਖਿੱਚਣ ਅਤੇ ਗ੍ਰਾਹਕਾਂ ਨੂੰ ਵੱਧ ਸਹੂਲਤਾਂ ਦਿੱਤੇ ਜਾਣ ਦਾ ਮੁਕਾਬਲਾ ਚੱਲ ਰਿਹਾ ਹੈ ਉੱਥੇ ਹੀ ਅਬੋਹਰ ਦੇ ਇਸ ਬੈਂਕ ਦੇ ਏ.ਟੀ.ਐਮ 'ਚ ਲੋਕਾਂ ਦੀ ਖੱਜਲ ਖ਼ੁਆਰੀ ਬੈਂਕ ਪ੍ਰਬੰਧਕਾਂ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਹੀ ਹੈ, ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਹਿਲਾਂ ਵਾਂਗ ਹੀ ਬੈਂਕ ਆਪਣੇ ਗ੍ਰਾਹਕ ਅਤੇ ਲੋਕਾਂ ਨੂੰ ਖੱਜਲ ਖ਼ੁਆਰ ਹੁੰਦਾ ਵੇਖਦਾ ਰਹੇਗਾ ਜਾਂ ਫਿਰ ਉਨ੍ਹਾਂ ਦੀ ਸਹੂਲਤ ਲਈ ਇਸ 'ਚ ਕੋਈ ਬਦਲਾਵ ਲਿਆਵੇਗਾ ?