ਗੁਰਦੁਆਰਾ ਬਾਜੀਦਪੁਰ ਤੋਂ ਬਰਗਾੜੀ ਮੋਰਚੇ 'ਚ 16 ਜੂਨ ਨੂੰ ਮੋਟਰਸਾਈਕਲਾਂ ਤੇ ਕਾਰਾਂ ਦੇ ਜਾਣਗੇ ਵੱਡੇ ਕਾਫ਼ਲੇ..!!

Last Updated: Jun 14 2018 16:18

ਕਰੀਬ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਰਗਾੜੀ ਵਿਖੇ ਚੋਰੀ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦੋਸ਼ੀ ਨਾ ਫੜਨਾ ਅਤੇ ਬਹਿਬਲ ਕਲਾਂ ਦੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਾ ਕਰਨਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਰੋਸ ਵਜੋਂ 1 ਜੂਨ ਨੂੰ ਬਰਗਾੜੀ ਦਾਣਾ ਮੰਡੀ ਵਿੱਚ ਇਕੱਠ ਸੱਦਿਆ ਗਿਆ ਸੀ। 16 ਜੂਨ ਨੂੰ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਫ਼ਿਰੋਜ਼ਪੁਰ ਤੋਂ ਬਰਗਾੜੀ ਮੋਰਚੇ ਵਿੱਚ ਮੋਟਰਸਾਈਕਲਾਂ ਅਤੇ ਕਾਰਾਂ ਦੇ ਵੱਡੇ ਕਾਫ਼ਲੇ ਜਾਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨੇ ਦਿੱਤੀ।

ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕੱਠ ਵਿੱਚ ਕਿਹਾ ਸੀ ਕਿ ਉਹ ਕੌਮ ਲਈ ਆਪਣਾ ਸਿਰ ਦੇਣ ਨੂੰ ਤਿਆਰ ਹਨ। ਉਨ੍ਹਾਂ ਨੇ ਐਲਾਣ ਕੀਤਾ ਸੀ ਕਿ ਜਿੰਨ੍ਹਾਂ ਚਿਰ ਸੂਬਾ ਸਰਕਾਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਬਹਿਬਲ ਕਲਾਂ ਦੇ ਸ਼ਹੀਦ ਸਿੰਘਾਂ ਦੇ ਕਾਤਲ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਅਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਦਿੰਦੀ ਉਹ ਉਨ੍ਹਾਂ ਚਿਰ ਦਾਣਾ ਮੰਡੀ ਬਰਗਾੜੀ ਵਿਖੇ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਦੇਣਗੇ।

ਉਨ੍ਹਾਂ ਆਖਿਆ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ 16 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਜੀਦਪੁਰ ਤੋਂ ਸਵੇਰੇ 9 ਵਜੇ ਮੋਟਰਸਾਈਕਲਾਂ, ਕਾਰਾਂ ਦੇ ਕਾਫਲਾ ਵਿੱਚ ਰਲ ਕੇ ਬਰਗਾੜੀ ਪਹੁੰਚਣਗੇ। ਇਸ ਮੌਕੇ ਤੇਜਿੰਦਰ ਸਿੰਘ ਦਿਊਲ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪਰਮਜੀਤ ਸਿੰਘ ਸਰਕਲ ਪ੍ਰਧਾਨ ਕੁੱਲਗੜ੍ਹੀ, ਨਿਸ਼ਾਨ ਸਿੰਘ ਸੀਨੀ. ਆਗੂ, ਇਕਬਾਲ ਸਿੰਘ ਸੀਨੀ. ਮੀਤ ਪ੍ਰਧਾਨ, ਪ੍ਰੀਤਮ ਸਿੰਘ ਸਰਕਲ ਪ੍ਰਧਾਨ ਸਦਰ ਫ਼ਿਰੋਜ਼ਪੁਰ, ਦਵਿੰਦਰ ਸਿੰਘ ਚੂਰੀਆ ਸੀਨੀਅਰ ਮੀਤ ਪ੍ਰਧਾਨ ਆਦਿ ਵੱਲੋਂ ਸਾਰਿਆਂ ਨੂੰ ਬਰਗਾੜੀ ਵਿਖੇ ਜਾਣ ਵਾਲੇ 16 ਜੂਨ ਮੋਟਰਸਾਈਕਲ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਜੋ ਕਿ 9 ਵਜੇ ਗੁਰਦੁਆਰਾ ਜਾਮਨੀ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਿਸ਼ਰੀਵਾਲਾ ਸ਼ਹਿਜ਼ਾਦੀ ਆਦਿ ਵਿੱਚੋਂ ਹੁੰਦਾ ਹੋਇਆ ਮੁੱਦਕੀ ਰਸਤੇ ਬਰਗਾੜੀ ਜਾਵੇਗਾ।