ਕਾਂਗਰਸ ਆਗੂਆਂ ਨੇ ਭੋਆ ਹਲਕੇ 'ਚ ਕਰਵਾਇਆ ਪ੍ਰੋਗਰਾਮ

Last Updated: Jun 14 2018 15:56

ਵਿਧਾਨਸਭਾ ਹਲਕਾ ਭੋਆ ਵਿਖੇ ਕਾਂਗਰਸੀ ਆਗੂਆਂ ਨੇ ਬੈਠਕ ਕੀਤੀ। ਜਿਸ ਵਿੱਚ ਭੋਆ ਹਲਕੇ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਵੱਲੋਂ ਜੋ-ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰਾਂ ਨੂੰ ਵਿਧਾਇਕ ਨੇ ਸਿਰੋਪਾ ਦੇ ਪਾਰਟੀ 'ਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਵਿੱਚ ਹਰ ਵਰਕਰ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਅਤੇ ਪਾਰਟੀ ਆਗੂ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਵਧੀਆ ਨੀਤੀਆਂ ਦੇ ਚਲਦੇ ਲੋਕ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਸਰਕਾਰ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਫ਼ੰਡ ਜਾਰੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਹਲਕਾ ਭੋਆ ਨੂੰ ਮਾਡਲ ਹਲਕਾ ਬਣਾਇਆ ਜਾਵੇ। ਜਿਸਦੇ ਲਈ ਉਨ੍ਹਾਂ ਵੱਲੋਂ ਅਣਥੱਕ ਪਰਿਆਸ ਕੀਤੇ ਜਾ ਰਹੇ ਹਨ ਅਤੇ ਹਲਕੇ ਨੂੰ ਮਾਡਲ ਹਲਕਾ ਬਣਾਉਣ ਦੇ ਲਈ ਫ਼ੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਕਾਸ ਦੇ ਨਾਮ ਤੇ ਲੋਕਾਂ ਨੂੰ 10 ਸਾਲ ਗੁਮਰਾਹ ਕੀਤਾ ਹੈ। ਭੋਆ ਹਲਕੇ ਤੋਂ ਭਾਜਪਾ ਦੇ ਵਿਧਾਇਕ ਵੱਲੋਂ ਵਿਕਾਸ ਦੇ ਨਾਮ ਤੇ ਕੁਝ ਨਹੀਂ ਕੀਤਾ ਗਿਆ, ਜਦਕਿ ਜਦੋਂ ਦੀ ਸੂਬੇ 'ਚ ਕਾਂਗਰਸ ਸਰਕਾਰ ਆਈ ਹੈ, ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲਿਆ ਹੈ। ਜਿਸਦੇ ਚਲਦੇ ਹਲਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਟਕੇ 5 ਪੁਲ ਪਾਸ ਹੋ ਚੁੱਕੇ ਹਨ। ਜਿਨ੍ਹਾਂ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸੜਕਾਂ ਦੀ ਹਾਲਤ ਸੁਧਾਰਨ ਲਈ ਵੀ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਜਲਦ ਹੀ ਸੜਕਾਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।