ਕਾਰਜ ਸਾਧਕ ਅਫ਼ਸਰ ਕੁਲਭੂਸ਼ਨ ਗੋਇਲ ਨੇ ਖ਼ੁਦ ਸੰਭਾਲੀ ਜਾਗਰੂਕਤਾ ਮੁਹਿੰਮ ਦੀ ਕਮਾਨ

Mahesh Kumar
Last Updated: Jun 14 2018 15:40

ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਸਿਰਜਣ ਲਈ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀਆਂ ਹਦਾਇਤਾਂ 'ਤੇ ਨਗਰ ਕੌਂਸਲ ਕਪੂਰਥਲਾ ਵੱਲੋਂ ਕਾਰਜ ਸਾਧਕ ਅਫ਼ਸਰ ਕੁਲਭੂਸ਼ਨ ਗੋਇਲ ਦੀ ਅਗਵਾਈ ਹੇਠ ਲੋਕਾਂ ਨੂੰ ਖੁੱਲੇ ਵਿੱਚ ਸ਼ੌਚ ਨਾ ਜਾਣ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਖੁੱਲੇ ਵਿੱਚ ਸ਼ੌਚ ਜਾਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਅਤੇ ਫਲੱਸ਼ ਦੀ ਵਰਤੋਂ ਲਈ ਪ੍ਰੇਰਿਤ ਕੀਤਾ। ਇਸ ਟੀਮ ਵੱਲੋਂ ਸ਼ੇਖੂਪੁਰ ਰੋਡ, ਮੱਛਰ ਕਲੋਨੀ, ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਰੇਲਵੇ ਸਟੇਸ਼ਨ ਦੇ ਲਾਗਲੇ ਇਲਾਕਿਆਂ ਵਿੱਚ ਝੁੱਗੀ-ਝੌਂਪੜੀ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਕੁਲਭੂਸ਼ਨ ਗੋਇਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਇੱਕ ਵਿਸ਼ਾਲ ਕਾਰਜ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਪੂਰੇ ਸਾਲ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਹਿਲਾਂ ਤੋਂ ਹੀ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਹਵਾ, ਪਾਣੀ ਅਤੇ ਮਿੱਟੀ ਨੂੰ ਸਵੱਛ ਰੱਖਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਾਡਾ ਵਾਤਾਵਰਨ ਸ਼ੁੱਧ ਰਹਿ ਸਕੇ। ਇਸ ਮੌਕੇ ਸੈਨੇਟਰੀ ਇੰਸਪੈਕਟਰ ਜੁਗਰਾਜ ਸਿੰਘ, ਸੰਜੀਵ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।