ਖ਼ੂਨਦਾਨ ਕਰਨ ਲਈ ਅੱਗੇ ਆਉਣ ਨੌਜਵਾਨ: ਡਿਪਟੀ ਕਮਿਸ਼ਨਰ

Last Updated: Jun 14 2018 15:40

ਵਰਲਡ ਬਲੱਡ ਡੋਨਰਜ਼ ਡੇ ਦੇ ਮੌਕੇ ਤੇ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਮੁੱਖ ਮਹਿਮਾਨ ਵੱਜੋਂ ਹਾਜਰ ਹੋਏ। ਉਨ੍ਹਾਂ ਵੱਲੋਂ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖ਼ੂਨ ਦਾ ਕੋਈ ਬਦਲ ਨਹੀਂ ਹੈ, 14 ਜੂਨ ਨੂੰ ਖੂਨਦਾਤਾ ਦਿਵਸ ਮਣਾਉਣ ਦਾ ਉਦੇਸ਼ ਸਵੈਇੱਛੁਕ ਖ਼ੂਨਦਾਨ ਨੂੰ ਵਧਾਉਣਾ ਹੈ, ਨਾਲ ਹੀ ਜੋ ਨਿਰੰਤਰ ਖ਼ੂਨਦਾਨ ਦਿੰਦੇ ਹਨ ਉਨ੍ਹਾਂ ਨੂੰ ਧੰਨਵਾਦ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਦਾਨ ਕੀਤੇ ਗਏ ਖ਼ੂਨ ਨਾਲ ਕਿਸੇ ਨੂੰ ਨਵੀਂ ਜਿੰਦਗੀ ਮਿਲਦੀ ਹੈ ਤਾਂ ਇਸ ਤੋਂ ਵੱਡਾ ਹੋਰ ਕੋਈ ਸਕੂਨ ਨਹੀਂ। ਉਨ੍ਹਾਂ ਨੌਜਵਾਨ ਪੀੜੀ ਨੂੰ ਪ੍ਰੇਰਿਆ ਕਿ ਉਹ ਖ਼ੂਨਦਾਨ ਕਰਨ ਲਈ ਅੱਗੇ ਆਉਣ। ਇਸ ਦੌਰਾਨ 30 ਯੂਨਿਟ ਬਲੱਡ ਇਕੱਤਰ ਹੋਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਣ ਦੌਰਾਨ ਸਮੇਂ ਸਿਰ ਮਰੀਜ ਨੂੰ ਖ਼ੂਨ ਨਾ ਮਿਲਣ ਕਾਰਨ ਉਹ ਆਪਣੀ ਜਾਨ ਗੁਆ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਖੂਨਦਾਨੀ ਕਿਸੀ ਦਮ ਤੋੜਦੀ ਜਿੰਦਗੀ ਲਈ ਮਸੀਹਾ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦਾ ਟੀਚਾ 2020 ਤੱਕ ਪੂਰੀ ਦੁਨੀਆ ਵਿੱਚ ਸਵੈਇੱਛੁਕ ਅਤੇ ਬਿਨਾਂ ਕਿਸੇ ਭੁਗਤਾਨ ਖ਼ੂਨਦਾਨ ਕਰਨ ਨੂੰ ਵਧਾਉਣਾ ਹੈ। ਬਲੱਡ ਟ੍ਰਾਂਸਫਿਊਜਨ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਇੱਕ ਬਲੱਡ ਡੋਨੇਸ਼ਨ ਨਾਲ ਸਿਰਫ਼ ਇੱਕ ਹੀ ਮਰੀਜ ਨੂੰ ਨਹੀਂ, ਬਲਕਿ ਚਾਰ ਮਰੀਜਾਂ ਨੂੰ ਫਾਇਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਖ਼ੂਨ ਦੇ ਚਾਰ ਕੰਪੋਨੈਂਟ ਪਲਾਜਮਾ, ਆਰ.ਬੀ.ਸੀ., ਪਲੈਟਲੈੱਟ ਦੇ ਤੌਰ ਅਤੇ ਹੀਮੋਫੀਲੀਆ ਦੇ ਮਰੀਜ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 12 ਤੋਂ 60 ਸਾਲ ਦੀ ਉਮਰ ਦਾ ਵਿਅਕਤੀ 3 ਮਹੀਨੇ ਦੇ ਅੰਤਰਾਲ ਤੇ ਦੋਬਾਰਾ ਖ਼ੂਨਦਾਨ ਕਰ ਸਕਦਾ ਹੈ। ਇਸ ਵਾਸਤੇ ਜਰੂਰੀ ਹੈ ਕਿ ਉਸ ਵਿੱਚ ਹੀਮੋਗਲੋਬਿਨ ਦੀ ਮਾਤਰਾ 23.5 ਗ੍ਰਾਮ ਤੋਂ ਵੱਧ ਹੋਵੇ ਤੇ ਭਾਰ ਘੱਟੋ ਘੱਟ 45 ਕਿੱਲੋ ਹੋਏ। ਇਸ ਦੌਰਾਨ ਡਾ. ਸੰਦੀਪ ਧਵਨ, ਡਾ. ਰਵਜੀਤ, ਡਾ. ਨਰਿੰਦਰ, ਆਰ.ਸੀ. ਬਿਰਹਾ ਤੋਂ ਇਲਾਵਾ ਹਰਮਿੰਦਰ ਅਰੋੜਾ, ਸਚਿਨ ਅਰੋੜਾ, ਕਰਨ ਮਹਾਜਨ, ਸਰਬਜੀਤ ਸਿੰਘ, ਅਮਿਤਾਭ ਸੇਠੀ, ਬਲਵਿੰਦਰ ਸਿੰਘ ਵੱਲੋਂ ਖ਼ੂਨਦਾਨ ਕੀਤਾ ਗਿਆ।