'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਦੁਕਾਨਾਂ ਤੇ ਸਟੋਰਾਂ ਦੀ ਚੈਕਿੰਗ..!!

Gurpreet Singh Josan
Last Updated: Jun 14 2018 15:34

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਅਤੇ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਐਸ.ਡੀ.ਐਮ ਜ਼ੀਰਾ ਅਮਿੱਤ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਅਤੇ ਜ਼ੀਰਾ ਦੀ ਸਬਜ਼ੀ ਮੰਡੀਆਂ, ਵੱਖ-ਵੱਖ ਬਜ਼ਾਰਾਂ ਸਮੇਤ ਵੱਖ-ਵੱਖ ਸਟੋਰਾਂ ਦੀ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਮਨਜਿੰਦਰ ਢਿੱਲੋਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਬਲਵੀਰ ਚੰਦ, ਗੁਰਮੀਤ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਵੱਖ-ਵੱਖ ਦੁਕਾਨਾਂ ਤੇ ਸਟੋਰਾਂ ਦੀ ਚੈਕਿੰਗ ਕਰਕੇ ਮਿਲਾਵਟੀ ਵਸਤੂਆਂ ਤੇ ਕੈਮੀਕਲ ਨਾਲ ਪਕਾਏ ਫਲਾਂ ਦੇ ਸੈਂਪਲ ਲਏ ਗਏ ਹਨ।

ਜਿਸ ਵਿੱਚੋਂ ਮਿਲਕਲਾਈਨ ਡੇਅਰੀ ਜ਼ੀਰਾ ਤੋਂ ਪਨੀਰ ਤੇ ਦਹੀਂ ਦੇ ਸੈਂਪਲ, ਕੋਛੜ ਮੀਟ ਦੁਕਾਨ ਤੇ ਚੌਧਰੀ ਮੀਟ ਦੀ ਦੁਕਾਨ ਜ਼ੀਰਾ ਤੋਂ ਮੀਟ ਦੇ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਚਮਨ ਲਾਲ ਫਰੂਟ ਕੰਪਨੀ ਦਾਨਾ ਮੰਡੀ ਜ਼ੀਰਾ, ਮਹਾ ਲੱਛਮੀ ਫਰੂਟ ਕੰਪਨੀ ਮਖੂ ਤੋਂ ਫਲਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲਾਂ ਦਾ ਨਿਰੀਖਣ ਕਰਨ ਲਈ ਚੰਡੀਗੜ੍ਹ ਲੈਬਾਰਟਰੀ ਭੇਜ ਦਿੱਤਾ ਗਿਆ ਹੈ, ਜੇਕਰ ਇਨ੍ਹਾਂ ਵਿੱਚ ਕੋਈ ਮਿਲਾਵਟ ਪਾਈ ਜਾਂਦੀ ਹੈ ਤਾਂ ਇਨ੍ਹਾਂ ਦੁਕਾਨਦਾਰਾਂ/ਫ਼ਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਕੈਮੀਕਲ ਨਾਲ ਪਕਾਏ ਫਲ/ਸਬਜ਼ੀਆਂ ਅਤੇ ਹੋਰ ਮਿਲਾਵਟੀ ਵਸਤੂਆਂ ਦੀ ਵਿੱਕਰੀ ਨਾ ਕੀਤੀ ਜਾਵੇ। ਜੇਕਰ ਫਿਰ ਵੀ ਕੋਈ ਦੁਕਾਨਦਾਰ ਅਜਿਹਾ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ 2 ਦਿਨਾਂ ਤੋਂ ਫਲਾਂ, ਸਬਜ਼ੀਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ 10 ਤੋਂ ਵੱਧ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਦੁਕਾਨਾਂ, ਸਬਜ਼ੀ ਮੰਡੀਆਂ ਅਤੇ ਸਟੋਰਾਂ ਆਦਿ ਦੀ ਚੈਕਿੰਗ ਕੀਤੀ ਜਾਵੇਗੀ।