ਤੰਦਰੁਸਤ ਪੰਜਾਬ ਮਿਸ਼ਨ ਤਹਿਤ ਛਾਪੇਮਾਰੀ, ਮੈਡੀਕਲਾਂ ਸਟੋਰਾਂ ਤੋਂ ਭਰੇ ਸੈਂਪਲ

Last Updated: Jun 14 2018 15:21

ਫਾਜ਼ਿਲਕਾ ਦੇ ਚਾਰ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕਰਕੇ ਜ਼ਿਲ੍ਹਾ ਡਰੱਗ ਇੰਸਪੈਕਟਰ ਏਕਾਂਤ ਸਿੰਗਲਾ ਨੇ ਉੱਥੇ ਕਈ ਗੜਬੜੀਆਂ ਹੋਣ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਡੀ.ਸੀ ਈਸ਼ਾ ਕਾਲੀਆ ਅਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਫਾਜ਼ਿਲਕਾ ਵਿੱਚ ਵੱਖ-ਵੱਖ ਥਾਵਾਂ 'ਤੇ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਉੱਥੇ ਉਨ੍ਹਾਂ ਕਈ ਗੜਬੜੀਆਂ ਫੜੀਆਂ, ਜੋ ਸਿੱਧੇ ਤੌਰ 'ਤੇ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਸੀ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਰਾਹ 'ਚ ਵੱਡਾ ਰੋੜਾ ਸਨ। ਦੋ ਮੈਡੀਕਲ ਸਟੋਰ 'ਤੇ ਵੇਚੀ ਜਾ ਰਹੀ ਸ਼ੱਕੀ ਡਰੱਗ ਦੇ ਸੈਂਪਲ ਵੀ ਭਰੇ ਗਏ ਹਨ। ਉਨ੍ਹਾਂ ਐਕਟ ਦੀ ਉਲੰਘਣਾ ਕਰ ਰਹੇ ਮੈਡੀਕਲ ਸਟੋਰ ਸੰਚਾਲਕਾਂ ਦੇ ਖ਼ਿਲਾਫ਼ ਅੱਗੇ ਦੀ ਕਾਰਵਾਈ ਲਈ ਡਰੱਗ ਲਾਇਸੈਂਸਿੰਗ ਅਥਾਰਿਟੀ ਨੂੰ ਸਿਫਾਰਿਸ਼ ਕੀਤੀ ਹੈ। ਵਿਭਾਗ ਦੀ ਇਸ ਕਾਰਵਾਈ ਦੀ ਖਬਰ ਜਿਵੇਂ ਹੀ ਹੋਰ ਮੈਡੀਕਲ ਸਟੋਰ ਸੰਚਾਲਕਾਂ ਤੱਕ ਪੁੱਜੀ ਤਾਂ ਉਨ੍ਹਾਂ 'ਚ ਹਫੜਾ-ਦਫੜੀ ਮੱਚ ਗਈ।

ਜ਼ਿਲ੍ਹਾ ਡਰੱਗ ਇੰਸਪੈਕਟਰ ਸਿੰਗਲਾ ਨੇ ਦੱਸਿਆ ਕਿ ਮਹਿਕਮੇ ਵੱਲੋਂ ਸਮੇਂ-ਸਮੇਂ 'ਤੇ ਇਸ ਜਾਂਚ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਂਦਾ ਹੈ ਪਰ ਹੁਣ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਇਸ ਕੰਮ 'ਚ ਹੋਰ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋਂ ਸਖਤ ਹਦਾਇਤ ਹੈ ਕਿ ਕਾਨੂੰਨ ਅਤੇ ਨਿਯਮਾਂ ਦਾ ਉਲੰਘਨ ਕਰਨ ਵਾਲੇ ਖ਼ਿਲਾਫ਼ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਨੂੰ ਸਫਲ ਬਣਾਇਆ ਜਾ ਸਕੇ।