ਕੀਟਨਾਸ਼ਕ ਦੀ ਵਰਤੋਂ ਘੱਟੋ ਘੱਟ ਕੀਤੀ ਜਾਵੇ- ਖੇਤੀ ਮਾਹਰ

Last Updated: Jun 14 2018 14:25

ਕਿਸਾਨ ਘੱਟ ਤੋਂ ਘੱਟ ਕੀਟਨਾਸ਼ਕ ਤੇ ਖਾਦਾਂ ਦੀ ਵਰਤੋਂ ਕਰਕੇ ਚੰਗੀ ਉਪਜ ਲੈ ਸਕਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਖੇਤੀਬਾੜੀ ਮਹਿਕਮੇ ਵੱਲੋਂ ਪਿੰਡਾਂ 'ਚ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਸੁਧਰੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਕਬੂਲਸ਼ਾਹ ਖੁੱਬਣ ਵਿਖੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਨੂੰ ਸਿਫ਼ਾਰਸ਼ ਅਨੁਸਾਰ ਡੀ.ਏ.ਪੀ ਖਾਦ ਪਾਈ ਗਈ ਹੋਵੇ ਤਾਂ ਸਾਉਣੀ ਦੀ ਕਿਸੇ ਵੀ ਫ਼ਸਲ ਨੂੰ ਡੀ.ਏ.ਪੀ ਖਾਦ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਖੇਤੀ ਵਿੱਚ ਖਾਦਾਂ ਤੇ ਕੀਟਨਾਸ਼ਕਾਂ ਦੀ ਸਿਫ਼ਾਰਸ਼ ਤੋਂ ਵਧੇਰੀ ਵਰਤੋਂ ਸਾਡੇ ਚੌਗਿਰਦੇ ਅਤੇ ਖਾਣ-ਪੀਣ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਆਖਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਇਹ ਹੀ ਨੁਕਤੇ ਸਮਝਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ 'ਤੇ ਹਾਲੇ ਤੱਕ ਚਿੱਟੀ ਮੱਖੀ ਦਾ ਕੋਈ ਦੁਸ਼ਪ੍ਰਭਾਵ ਨਹੀਂ ਹੈ ਅਤੇ ਇਸ ਲਈ ਹਾਲੇ ਤੱਕ ਕੀਟਨਾਸ਼ਕ ਦੀ ਵਰਤੋਂ ਦੀ ਜ਼ਰੂਰਤ ਵੀ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਏਕੀਕ੍ਰਿਤ ਕੀਟ ਪ੍ਰਬੰਧਨ ਤਕਨੀਕ ਅਪਣਾਉਣ ਦਾ ਸੱਦਾ ਵੀ ਦਿੱਤਾ, ਜਿਸ ਤਹਿਤ ਘੱਟ ਤੋਂ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਦਿਆਂ ਚੰਗੀ ਖੇਤੀ ਉਪਜ ਲਈ ਜਾ ਸਕੇ।