ਹੁਣ ਹਰ ਵਕਤ ਬੱਚਿਆਂ ਨੂੰ ਕਿਤਾਬਾਂ ਨਾਲ ਰੱਖਣ ਦੀ ਜ਼ਰੂਰਤ ਨਹੀਂ.! (ਨਿਊਜ਼ਨੰਬਰ ਖ਼ਾਸ ਖਬਰ)

Last Updated: Jun 14 2018 14:00

'ਪੰਜ-ਆਬ' 'ਤੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਰਾਜ ਦੇ ਦੌਰਾਨ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਅਕਾਲੀ-ਭਾਜਪਾ ਨੇ ਆਪਣੇ ਰਾਜ ਦੇ ਦੌਰਾਨ ਇਹ ਮੁਹਿੰਮ ਟੁੱਟਣ ਨਹੀਂ ਦਿੱਤੀ ਅਤੇ ਮਾਰਚ ਮਹੀਨੇ ਵਿੱਚ ਹੀ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਭੇਜ ਦਿੱਤੀਆਂ ਜਾਂਦੀਆਂ ਸਨ। ਪਰ 2017 ਵਿੱਚ ਪੰਜਾਬ ਦੀ ਸੱਤਾ ਵਿੱਚ ਆਈ ਕੈਪਟਨ ਸਰਕਾਰ ਜਿੱਥੇ ਪਿਛਲੇ ਸਾਲ ਸਰਕਾਰੀ ਸਕੂਲਾਂ ਵਿੱਚ ਸਮੇਂ ਸਿਰ ਕਿਤਾਬਾਂ ਨਾ ਪਹੁੰਚਣ ਕਾਰਨ ਘਿਰ ਗਈ ਸੀ ਅਤੇ ਸਰਕਾਰ ਦੇ ਵਿਰੁੱਧ ਕਰੀਬ ਇੱਕ ਸਾਲ ਪੂਰਾ ਹੀ ਰੋਸ ਮੁਜ਼ਾਹਰੇ ਅਤੇ ਧਰਨੇ ਵੀ ਲੱਗਦੇ ਰਹੇ। ਨਿਆਣਿਆਂ ਨੂੰ ਕਿਤਾਬਾਂ ਨਾ ਮਿਲਣ ਕਾਰਨ ਉਹ ਪੜ੍ਹਾਈ ਵਿੱਚ ਪੱਛੜ ਗਏ ਸੀ, ਪਰ ਇਸ ਦੇ ਬਾਵਜੂਦ ਵੀ ਸਰਕਾਰ ਸਕੂਲਾਂ ਵਿੱਚ ਕਿਤਾਬਾਂ ਨਹੀਂ ਪਹੁੰਚਾ ਸਕੀ। 

ਪਰ..!! ਹੁਣ 2018 ਵਿੱਚ ਕੈਪਟਨ ਸਰਕਾਰ ਵੱਲੋਂ ਲਏ ਗਏ ਨਵੇਂ ਫੈਸਲੇ ਤੋਂ ਬਾਅਦ ਹੁਣ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੋਈ ਬਹਾਨਾ ਨਹੀਂ ਚੱਲੇਗਾ ਕਿ ਸਾਡੇ ਸਕੂਲ ਵਿੱਚ ਕਿਤਾਬਾਂ ਨਹੀਂ ਪਹੁੰਚੀਆਂ, ਕਿਉਂਕਿ ਸਰਕਾਰ ਨੇ ਅਜਿਹਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਹੁਣ ਵਿਦਿਆਰਥੀਆਂ ਨੂੰ ਹਰ ਵਕਤ ਆਪਣੇ ਨਾਲ ਵੱਡੇ-ਵੱਡੇ ਬੈਗ ਭਰ ਕੇ ਕਿਤਾਬ ਰੱਖਣ ਦੀ ਜਰੂਰਤ ਨਹੀਂ ਹੈ, ਹੁਣ ਤਾਂ ਬੱਸ ਇੱਕ ਕਲਿੱਕ ਦੇ ਨਾਲ ਹੀ ਵਿਦਿਆਰਥੀ ਆਪਣੇ ਹਰ ਵਿਸ਼ੇ ਦੀ ਕਿਤਾਬ ਆਨਲਾਈਨ ਪੜ੍ਹ ਸਕਣਗੇ। 

ਜੀ ਹਾਂ, ਦੋਸਤੋਂ, ਇਹ ਫ਼ੈਸਲਾ ਸਰਕਾਰ ਨੇ ਕੁਝ ਹੀ ਦਿਨ ਪਹਿਲੋਂ ਲਿਆ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਜੁਲਾਈ ਤੋਂ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਜਾਵੇ। ਦੱਸ ਦਈਏ ਕਿ ਜਿੱਥੇ ਪਹਿਲੋਂ ਵਿਦਿਆਰਥੀਆਂ ਹਜ਼ਾਰਾਂ ਰੁਪਏ ਖਰਚ ਕੇ ਕਿਤਾਬਾਂ ਖਰੀਦਦੇ ਸੀ ਅਤੇ ਫਿਰ ਜਾ ਕੇ ਕਿਤੇ ਉਨ੍ਹਾਂ ਨੂੰ ਪੜ੍ਹਣ ਦਾ ਮੌਕਾ ਮਿਲਦਾ ਸੀ। ਪਰ.! ਕੁਝ ਵਿਦਿਆਰਥੀ ਤਾਂ ਇਸ ਗੱਲ ਤੋਂ ਵੀ ਪਿੱਛੇ ਰਹਿ ਜਾਂਦੇ ਸੀ, ਕਿਉਂਕਿ ਉਨ੍ਹਾਂ ਕੋਲ ਪੈਸੇ ਹੀ ਨਹੀਂ ਸੀ ਕਿ ਕਿਤਾਬਾਂ ਖ਼ਰੀਦ ਸਕਣ। ਪਰ ਹੁਣ ਸਰਕਾਰ ਨੇ ਹਰ ਕਿਸੇ ਵਿਦਿਆਰਥੀ ਦਾ ਕੰਮ ਆਸਾਨ ਕਰ ਦਿੱਤਾ ਹੈ ਕਿਤਾਬਾਂ ਆਨਲਾਈਨ ਕਰਕੇ!!

ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਿੱਖਿਆ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਸਮਰ ਵੈਕੇਸ਼ਨ ਜਾਂ ਫੇਰ ਕਿਤੇ ਬਾਹਰ ਜਾਣ ਵੇਲੇ ਨਾਲ ਕਿਤਾਬ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਜਿਹੜੇ ਪਾੜ੍ਹੇ ਕਿਤਾਬਾਂ ਖ਼ਰੀਦ ਨਹੀਂ ਸੀ ਸਕਦੇ ਹੁੰਦੇ, ਉਨ੍ਹਾਂ ਨੂੰ ਵੀ ਇਸ ਪ੍ਰੇਸ਼ਾਨੀ ਤੋਂ ਨਜਾਤ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬੱਸ ਹੁਣ ਇੱਕ ਕਲਿੱਕ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਸੇ ਵੀ ਵਿਸ਼ੇ ਦੀ ਕਿਤਾਬ ਆਨਲਾਈਨ ਜਾਂ ਮੋਬਾਈਲ 'ਤੇ ਖੋਲ੍ਹ ਕੇ ਪੜ੍ਹ ਸਕਣਗੇ।

ਅਧਿਕਾਰੀ ਮੁਤਾਬਿਕ ਕਿਤਾਬ ਪੜ੍ਹਣ ਵਾਸਤੇ ਪੀਐਸਈਬੀ ਦੀ ਸਾਈਟ ਲਾਗ ਇੰਨ ਕਰਨੀ ਪਵੇਗੀ। ਸਾਈਟ 'ਤੇ ਪਹੁੰਚ ਕੇ ਈ-ਬੁਕਸ 'ਤੇ ਕਲਿੱਕ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਤੱਕ ਕਿਤਾਬਾਂ ਪਹੁੰਚ ਨਹੀਂ ਸਕਦੀਆਂ ਸਨ। ਅਧਿਕਾਰੀਆਂ ਦੀ ਮੰਨਿਆ ਤਾਂ ਪਿਛਲੇ ਸਾਲ ਕਈ ਜ਼ਿਲ੍ਹਿਆਂ ਵਿੱਚ ਕਿਤਾਬਾਂ ਦੇਰੀ ਨਾਲ ਪਹੁੰਚਣ ਕਾਰਨ ਕਈ ਵਾਰ ਅਧਿਆਪਕ ਸਿਲੇਬਸ ਸ਼ੁਰੂ ਨਹੀਂ ਕਰਾਉਂਦੇ ਸਨ, ਪਰ..! ਈ-ਬੁਕਸ ਜ਼ਰੀਏ ਪਾੜ੍ਹੇ ਆਨਲਾਈਨ ਪੜ੍ਹਾ ਸਕਣਗੇ, ਇਸ ਨਾਲ ਸਿਲੇਬਸ ਤੇਜ਼ੀ ਨਾਲ ਕਵਰ ਹੋ ਜਾਵੇਗਾ।

ਸਿੱਖਿਆ ਅਧਿਕਾਰੀ ਮੁਤਾਬਿਕ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਮੋਬਾਈਲ ਨਹੀਂ ਹੈ, ਉਹ ਸਾਈਬਰ ਕੈਫ਼ੇ ਵਿੱਚ ਜਾ ਕੇ ਕਿਸੇ ਵੀ ਸਬਜੈੱਕਟ (ਵਿਸ਼ੇ) ਦਾ ਚੈਪਟਰ ਡਾਊਨਲੋਡ ਕਰਕੇ ਪ੍ਰਿੰਟ ਲੈ ਸਕਦੇ ਹਨ। ਇਸ ਤੋਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀ ਛੋਟੀ ਜਮਾਤਾਂ ਦੀਆਂ ਕਿਤਾਬਾਂ ਨੂੰ ਸੌਖ ਨਾਲ ਸਰਚ ਕਰ ਸਕਣਗੇ। ਮਾਤਾ-ਪਿਤਾ ਵੀ ਆਪਣੇ ਬੱਚਿਆਂ ਦਾ ਸਿਲੇਬਸ ਮੋਬਾਈਲ 'ਤੇ ਵੇਖ ਸਕਣਗੇ। ਉੱਥੇ ਹੀ ਵਿਦਿਆਰਥੀਆਂ ਨੂੰ ਵੀ ਵੱਖ-ਵੱਖ ਜਮਾਤਾਂ ਦੀਆਂ ਕਿਤਾਬਾਂ ਨਾਲ ਲੈ ਕੇ ਨਹੀਂ ਚੱਲਣਾ ਪਵੇਗਾ।

ਇਸ ਵਿਸ਼ੇ ਨੂੰ ਲੈ ਕੇ ਜਦੋਂ 'ਨਿਊਜ਼ਨੰਬਰ' ਵੱਲੋਂ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਈ-ਬੁਕਸ ਨੂੰ ਬੜ੍ਹਾਵਾ ਦਿੱਤਾ ਜਾਵੇਗਾ, ਕਿਉਂਕਿ ਇਸ ਤੋਂ ਕਾਗਜ ਦੀ ਵੀ ਬਚਤ ਹੋਵੇਗੀ। ਕਿਤਾਬਾਂ ਦੀ ਛਪਾਈ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਕਿਤਾਬਾਂ ਸਮੇਂ 'ਤੇ ਨਹੀਂ ਮਿਲਦੀਆਂ। ਈ-ਬੁਕਸ ਦੇ ਜਰੀਏ ਹਰ ਕਿਤਾਬ ਦਾ ਸਿਲੇਬਸ ਉਪਲਬਧ ਹੋਵੇਗਾ। ਕਿਤਾਬਾਂ ਨੂੰ ਪੀਡੀਐੱਫ ਫਾਈਲ ਦੇ ਤੌਰ 'ਤੇ ਅੱਪਲੋਡ ਕੀਤਾ ਗਿਆ ਹੈ, ਤਾਂ ਕਿ ਕੋਈ ਇਸ ਵਿੱਚ ਆਪਣੇ ਪੱਧਰ 'ਤੇ ਬਦਲਾਵ ਨਾ ਕਰ ਸਕੇ। 

ਸੋ ਦੋਸਤੋਂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਨਾਲ ਜਿੱਥੇ ਵਿਦਿਆਰਥੀ ਸੌਖੇ ਤਰੀਕੇ ਨਾਲ ਸਿਲੇਬਸ ਕਵਰ ਕਰ ਸਕਣਗੇ, ਉੱਥੇ ਹੀ ਅਧਿਆਪਕ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਅਤੇ ਨਾ ਹੀ ਅਧਿਆਪਕਾਂ ਜਾਂ ਫਿਰ ਵਿਦਿਆਰਥੀਆਂ ਦਾ ਇਹ ਬਹਾਨਾ ਚੱਲੇਗਾ ਕਿ ਉਨ੍ਹਾਂ ਦੇ ਕੋਲ ਤਾਂ ਬੋਰਡ ਦੇ ਵੱਲੋਂ ਕਿਤਾਬ ਹੀ ਨਹੀਂ ਭੇਜੀ ਗਈ। ਕੁੱਲ ਮਿਲਾ ਕੇ ਮੰਨੀਏ ਤਾਂ ਵਿਦਿਆਰਥੀਆਂ ਨੂੰ ਇਸ ਈ-ਬੁਕਸ ਪੋਰਟਲ ਦਾ ਕਾਫੀ ਜ਼ਿਆਦਾ ਫਾਇਦਾ ਮਿਲੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।