ਪਾਵਰਕਾਮ ਪੈਨਸ਼ਨਰਜ਼ ਨੇ ਮੰਗਾਂ ਲਾਗੂ ਨਾ ਕਰਨ ਤੇ ਸਰਕਾਰ ਖਿਲਾਫ ਕੀਤਾ ਰੋਸ ਜਾਹਰ

Last Updated: Jun 14 2018 13:24

ਪਾਵਰਕਾਮ 'ਚੋਂ ਰਿਟਾਇਰ ਹੋਏ ਬਿਜਲੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪ੍ਰਦੇਸ਼ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਸਵੀਕਾਰ ਕਰਕੇ ਲਾਗੂ ਨਾ ਕੀਤੇ ਜਾਣ ਅਤੇ ਪੈਨਸ਼ਨਰਜ਼ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਪੀਐਸਪੀਸੀਐਲ ਪੈਨਸ਼ਨਰਜ਼ ਐਸੋਸੀਏਸ਼ਨ, ਯੂਨਿਟ ਖੰਨਾ ਵੱਲੋਂ ਸਥਾਨਕ ਪ੍ਰੇਮ ਭੰਡਾਰੀ ਪਾਰਕ 'ਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਆਗੂ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰਾਂ ਰਾਮ ਆਸਰਾ ਅਤੇ ਜਸਪਾਲ ਸ਼ਰਮਾ ਦੀ ਪਤਨੀ ਦੇ ਸਵਰਗਵਾਸ ਹੋ ਜਾਣ ਤੇ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸਦੇ ਨਾਲ ਹੀ ਪ੍ਰਦੇਸ਼ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ।

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਖੰਨਾ ਦੇ ਆਗੂ ਗੁਰਸੇਵਕ ਸਿੰਘ ਮੋਹੀ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਵਿਭਾਗ 'ਚੋਂ ਰਿਟਾਇਰ ਹੋਏ ਬਿਜਲੀ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਕੇ ਲਾਗੂ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਸਰਕਾਰ ਬਣਨ ਦੇ ਬਾਅਦ ਵੀ ਪ੍ਰਦੇਸ਼ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਅਣਦੇਖਾ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਪੈਨਸ਼ਨਰਾਂ 'ਚ ਸਰਕਾਰ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ ਹਨ ਕਿ ਰਿਟਾਇਰ ਮੁਲਾਜ਼ਮਾਂ ਨੂੰ ਬਿਜਲੀ ਯੂਨਿਟਾਂ 'ਚ ਰਿਆਇਤ ਦਿੱਤੀ ਜਾਵੇ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਪੰਜਾਬ ਸਰਕਾਰ ਦੀ ਤਰਜ਼ ਤੇ ਪੇ-ਬੈਂਡ ਦਿੱਤਾ ਜਾਵੇ, ਪੈਨਸ਼ਨਰਜ਼ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ, ਪੈਨਸ਼ਨਰਜ਼ ਦੇ ਆਈ.ਕਾਰਡ ਬਣਾਏ ਜਾਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਕੇ ਫ਼ੌਰੀ ਤੌਰ ਤੇ ਲਾਗੂ ਕਰਕੇ ਪੈਨਸ਼ਨਰਜ਼ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਮੀਟਿੰਗ ਦੌਰਾਨ ਇੰਦਰਜੀਤ ਸਿੰਘ ਅਕਾਲ, ਪਾਲ ਸਿੰਘ ਮੁੰਡੀ, ਨੇਤਰ ਸਿੰਘ ਫੈਜਗੜੀਆ, ਬੂਟਾ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਜਸਵੰਤ ਰਾਏ, ਲਾਲ ਸਿੰਘ ਬੀਜਾ ਆਦਿ ਤੋਂ ਇਲਾਵਾ ਹੋਰ ਅਹੁੱਦੇਦਾਰ ਅਤੇ ਮੈਂਬਰ ਮੌਜੂਦ ਸਨ।