ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ ਵਿਅਕਤੀ ਬਾਈਕ ਸਣੇ ਚੜ੍ਹਿਆ ਪੁਲਿਸ ਅੜਿੱਕੇ

Last Updated: Jun 14 2018 12:48

ਸ਼ਹਿਰ ਦੇ ਮੇਨ ਬੱਸ ਸਟੈਂਡ ਇਲਾਕੇ 'ਚੋਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ ਖੰਨਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਾਬੂ ਕੀਤੇ ਆਰੋਪੀ ਦੇ ਕਬਜ਼ੇ 'ਚੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੁਰਚਰਨ ਸਿੰਘ ਵਾਸੀ ਪਿੰਡ ਚੀਮਾ ਦੇ ਤੌਰ ਤੇ ਹੋਈ ਹੈ, ਜਿਸਦੇ ਖ਼ਿਲਾਫ਼ ਪੁਲਿਸ ਨੇ ਥਾਣਾ ਸਿਟੀ ਖੰਨਾ-2 'ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਥਾਣਾ ਸਿਟੀ-2 ਦੇ ਐਸਐਚਓ ਰਜਨੀਸ਼ ਸੂਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਮੋਦ ਕੁਮਾਰ ਵਾਸੀ ਪਿੰਡ ਈਸੜੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 10 ਜੂਨ ਨੂੰ ਸਵੇਰੇ ਕਰੀਬ ਅੱਠ ਵਜੇ ਉਹ ਮੁੱਖ ਬੱਸ ਸਟੈਂਡ ਦੇ ਕੋਲ ਆਪਣਾ ਮੋਟਰਸਾਈਕਲ ਖੜਾ ਕਰਨ ਦੇ ਬਾਅਦ ਬੱਸ ਸਟੈਂਡ ਦੇ ਸ਼ੌਚਾਲਯ 'ਚ ਗਿਆ ਸੀ। ਕੁਝ ਸਮਾਂ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉੱਥੋਂ ਉਸਦਾ ਮੋਟਰਸਾਈਕਲ ਗਾਇਬ ਸੀ। ਉਸਨੇ ਆਸਪਾਸ ਦੇ ਲੋਕਾਂ ਤੋਂ ਮੋਟਰਸਾਈਕਲ ਸਬੰਧੀ ਪੁੱਛਗਿੱਛ ਕੀਤੀ, ਪਰ ਕੁਝ ਜਾਣਕਾਰੀ ਨਾ ਮਿਲਣ ਬਾਅਦ ਪੁਲਿਸ ਕੋਲ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਐਸਐਚਓ ਸੂਦ ਨੇ ਦਾਅਵਾ ਕਰਦੇ ਦੱਸਿਆ ਕਿ ਏਐਸਆਈ ਅਵਤਾਰ ਅਲੀ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਸਥਾਨਕ ਜੀ.ਟੀ ਰੋਡ ਸਥਿਤ ਮਲੇਰਕੋਟਲਾ ਚੌਂਕ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਵ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਰੋਕ ਕੇ ਵਾਹਨ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਬਾਈਕ ਸਬੰਧੀ ਜ਼ਰੂਰੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।

ਜਿਸਦੇ ਬਾਅਦ ਉਸਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਬੂਲ ਕੀਤਾ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ, ਜਿਸਨੂੰ ਉਸਨੇ ਬੱਸ ਸਟੈਂਡ ਕੋਲੋਂ ਕੁਝ ਦਿਨ ਪਹਿਲਾਂ ਚੋਰੀ ਕੀਤਾ ਸੀ। ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕਰਨ ਬਾਅਦ ਉਸਦੀ ਪਹਿਚਾਣ ਗੁਰਚਰਨ ਸਿੰਘ ਵਾਸੀ ਪਿੰਡ ਚੀਮਾ ਵਜੋਂ ਹੋਈ ਹੈ। ਜਿਸਦੇ ਖ਼ਿਲਾਫ਼ ਵਾਹਨ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।