ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਵੱਡਾ ਝਟਕਾ, ਹਾਲਤ ਹੋਈ ਫੱਟੜ ਸੱਪ ਜਿਹੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 14 2018 12:52

ਗੈਂਗਸਟਰਾਂ ਦੇ ਆਤੰਕ ਤੋਂ ਸੂਬਾ ਪੰਜਾਬ ਨੂੰ ਮੁਕਤ ਕਰਵਾਉਣ ਲਈ ਮੁੱਖਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ਤਹਿਤ ਪੁਲਿਸ ਵੱਲੋਂ ਪੁਰੀ ਮੁਸਤੈਦੀ ਨਾਲ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸਦਾ ਹੀ ਸਬੂਤ ਹੈ ਕਿ ਮੋਹਾਲੀ ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਪੰਜਾਬ, ਰਾਜਸਥਾਨ, ਹਰਿਆਣਾ ਲਈ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਵੱਡੀ ਮੁਸੀਬਤ ਬਣਿਆ ਹੋਇਆ ਹੈ ਅਤੇ ਉਸਦਾ ਰਾਈਟ ਹੈਂਡ ਮੰਨਿਆ ਜਾਂਦਾ ਅੰਕਿਤ ਭਾਦੁ ਇੱਕ ਚੁਣੌਤੀ ਬਣ ਗਿਆ ਹੈ। ਜਿਸਦੀ ਭਾਲ 'ਚ ਇਨ੍ਹਾਂ ਸੂਬਿਆਂ ਦੀ ਪੁਲਿਸ ਅਤੇ ਖੁਫੀਆ ਤੰਤਰ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਪੁਲਿਸ ਲਈ ਵੀ ਅੰਕਿਤ ਭਾਦੁ ਸਿਰ ਦਰਦ ਬਣ ਗਿਆ ਹੈ ਪਰ ਇਸ ਦੌਰਾਨ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦ ਲਾਰੇਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਸੰਪਤ ਨਹਿਰਾ ਦੀ ਹੈਦਰਾਬਾਦ ਪੁਲਿਸ ਵੱਲੋਂ ਗਿਰਫਤਾਰੀ ਬਾਅਦ ਹੁਣ ਰਾਜਸਥਾਨ ਪੁਲਿਸ ਨੇ ਉਸਦੇ ਦੋ ਸਾਥੀ ਹਰਦੀਪ ਅਤੇ ਆਕਾਸ਼ ਨੂੰ ਕਾਬੂ ਕਰ ਲਿਆ ਹੈ ਅਤੇ ਉੱਧਰ ਮੋਹਾਲੀ ਪੁਲਿਸ ਨੇ ਉਸਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੰਪਤ ਨਹਿਰਾ ਸਮੇਤ ਅੰਕਿਤ ਭਾਦੁ ਅਤੇ ਹਰਦੀਪ ਤੇ ਆਕਾਸ਼ ਵੱਲੋਂ ਸ਼੍ਰੀ ਗੰਗਾਨਗਰ ਦੀ ਮੈਟਿਲਿਕਾ ਜਿੰਮ 'ਚ ਹਿਸਟਰੀ ਸ਼ੀਟਰ 'ਜਾਰਡਨ' ਦੀ ਬੀਤੀ 22 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸਤੋਂ ਬਾਅਦ ਰਾਜਸਥਾਨ ਪੁਲਿਸ ਇਸ ਗੈਂਗ ਦੇ ਪਿੱਛੇ ਹੱਥ ਧੋ ਕੇ ਪਈ ਹੈ। ਪੰਜਾਬ ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਜੋਧਪੁਰ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਉਸਦੇ ਗੈਂਗ ਦੀਆਂ ਇਕਦਮ ਸਿਰ ਕੱਢ ਸਰਗਰਮ ਹੋਈਆਂ ਗਤੀਵਿਧੀਆਂ ਅਤੇ 'ਜਾਰਡਨ' ਦੇ ਕੱਤਲ ਨੇ ਪੁਲਿਸ ਨੂੰ ਵੱਡੀ ਚੁਣੌਤੀ ਦਿੱਤੀ। ਪੰਜਾਬ ਦੇ ਮੁੱਖਮੰਤਰੀ ਨੇ ਤਾਂ ਇਹ ਸਪਸ਼ਟ ਰੂਪ 'ਚ ਪੁਲਿਸ ਨੂੰ ਪੰਜਾਬ ਚੋਂ ਗੈਂਗਸਟਰਾਂ ਦੇ ਸਫ਼ਾਏ ਦੇ ਹੁਕਮ ਦੇ ਦਿੱਤੇ ਹਨ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਹਥਿਆਰਾਂ ਦੇ ਇਸ ਰਸਤੇ ਨੂੰ ਛੱਡ ਕੇ ਮੁੱਖਧਾਰਾ 'ਚ ਸ਼ਾਮਿਲ ਹੋਣ ਲਈ ਕਾਫੀ ਸਮਾਂ ਦਿੱਤਾ ਗਿਆ ਪਰ ਹੁਣ ਸਰਕਾਰ ਕੋਲ ਇਨ੍ਹਾਂ ਖਿਲਾਫ ਸਖਤੀ ਵਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਵੱਲੋਂ ਸਭ ਤੋਂ ਪਹਿਲੇ ਗੈਂਗਸਟਰਾਂ ਅਤੇ ਇਨ੍ਹਾਂ ਦੇ ਖ਼ਾਸ ਹਿਮਾਇਤੀਆਂ ਵਿਚਕਾਰ ਸੰਪਰਕ ਦੇ ਸੂਤਰ ਸੋਸ਼ਲ ਮੀਡੀਆ ਅਕਾਊਂਟ 'ਤੇ ਨਜ਼ਰ ਰੱਖੀ ਗਈ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਬਲਾਕ ਕਰਵਾ ਦਿੱਤਾ ਗਿਆ ਹੈ ਤਾਂ ਜੋ ਕੋਈ ਨੌਜਵਾਨ ਇਨ੍ਹਾਂ ਨੂੰ ਵੇਖ ਕੇ ਇਸ ਰਾਹ 'ਤੇ ਚੱਲਣ ਲਈ ਗੁਮਰਾਹ ਨਾ ਹੋ ਜਾਵੇ। ਪਰ ਇਸਦੇ ਬਾਵਜੂਦ ਪੁਲਿਸ ਨੂੰ ਵੱਡੀ ਸਮੱਸਿਆ ਅਤੇ ਪਰੇਸ਼ਾਨੀ ਸੋਸ਼ਲ ਮੀਡੀਆ ਰਾਹੀਂ ਹੁੰਦੀ ਗੱਲਬਾਤ ਕਰਕੇ ਹੋ ਰਹੀ ਹੈ ਜਿਸਦੇ ਬਾਰੇ ਪਤਾ ਕਰਵਾਉਣ ਲਈ ਪੁਲਿਸ ਨੂੰ ਦਿੱਕਤ ਪੇਸ਼ ਆ ਰਹੀ ਹੈ।

ਸੰਪਤ ਨਹਿਰਾ ਸ਼ਾਇਦ ਹੱਲੇ ਪੁਲਿਸ ਦੇ ਕਾਬੂ ਨਾ ਆਉਂਦਾ ਜੇ ਉਹ ਆਪਣੀ ਗਰਲ ਫ੍ਰੈਂਡ ਨੂੰ ਫ਼ੋਨ ਨਾ ਕਰਦਾ, ਉਸਦੀ ਵੱਡੀ ਗਲਤੀ ਇਹ ਰਹੀ ਕਿ ਉਸਨੇ ਪਹਿਲਾਂ ਵਾਂਗ ਸੋਸ਼ਲ ਮੀਡੀਆ ਕਾਲਿੰਗ ਨਹੀਂ ਕੀਤੀ। ਸੰਪਤ ਨਹਿਰਾ ਸਮੇਤ ਉਸਦੇ ਗੈਂਗ ਦੇ ਪੰਚ ਮੈਂਬਰਾਂ ਦੀ ਗਿਰਫਤਾਰੀ ਅਤੇ ਇੱਧਰ ਰਾਜਸਥਾਨ ਪੁਲਿਸ ਵੱਲੋਂ ਹਰਦੀਪ ਅਤੇ ਆਕਾਸ਼ ਦਾ ਪੁਲਿਸ ਅੜਿੱਕੇ ਚੜ੍ਹਨਾ, ਜੇਲ੍ਹ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਲਈ ਵੱਡਾ ਝਟਕਾ ਹੈ। ਪੁਲਿਸ ਵੱਲੋਂ ਅੰਕਿਤ ਭਾਦੁ ਦਾ ਸੋਸ਼ਲ ਮੀਡੀਆ ਅਕਾਊਂਟ ਚਾਲੂ ਰੱਖਿਆ ਗਿਆ ਹੈ ਅਤੇ ਉਸਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਸਦੇ ਕਿਸੇ ਚਾਹਵਾਨ ਜਰੀਏ ਹੀ ਉਸ ਤੱਕ ਪਹੁੰਚਿਆ ਜਾ ਸਕੇ। ਪੁਲਿਸ ਵੱਲੋਂ ਬੇਸ਼ੱਕ ਬਿਸ਼ਨੋਈ ਦੇ ਗੈਂਗ ਨਾਲ ਸਬੰਧਤ ਇਨ੍ਹਾਂ ਗੈਂਗਸਟਰਾਂ ਦੀ ਗਿਰਫਤਾਰੀ ਨਾਲ ਅੰਕਿਤ ਭਾਦੁ 'ਤੇ ਸ਼ਿਕੰਜਾ ਕੱਸ ਦਿੱਤਾ ਗਿਆ ਹੈ ਪਰ ਇਸਦੇ ਬਾਵਜੂਦ ਉਸਦਾ ਹੱਥੇ ਨਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਲਾਰੇਂਸ ਬਿਸ਼ਨੋਈ ਅਤੇ ਅੰਕਿਤ ਭਾਦੁ ਦਾ ਨੈਟਵਰਕ ਬੇਹੱਦ ਵੱਡਾ ਅਤੇ ਤੇਜ਼-ਤਰਾਰ ਹੈ ਜਿਸ ਵਿੱਚ ਸੇਂਧ ਲਾਉਣ ਲਈ ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਦੀ ਪੁਲਿਸ ਨੂੰ ਕੋਈ ਸਟੀਕ ਯੋਜਨਾਂ ਬਣਾ ਕੇ ਸਾਂਝੇ ਅਪ੍ਰੇਸ਼ਨ ਨੂੰ ਅਮਲ 'ਚ ਲਿਆਉਣ ਦੀ ਲੋੜ ਹੈ, ਕਿਉਂਕਿ ਇਸ ਗੈਂਗ ਦੀ ਹਾਲਤ ਹੁਣ ਫੱਟੜ ਹੋਏ ਸੱਪ ਵਾਂਗ ਹੈ ਜੋ ਕਿਸੇ ਨੂੰ ਵੀ ਡੰਗ ਮਾਰ ਸਕਦਾ ਹੈ ?