ਜ਼ਮੀਨ ਦੀ ਵੰਡ ਨੂੰ ਲੈ ਕੇ ਔਰਤ ਦਾ ਕਤਲ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਉਮਰ ਕੈਦ..!!

Last Updated: Jun 14 2018 12:25

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਕੇ.ਕੇ. ਗੋਇਲ ਦੀ ਅਦਾਲਤ ਨੇ ਜ਼ਮੀਨ ਦੀ ਵੰਡ ਨੂੰ ਲੈ ਕੇ ਔਰਤ ਦਾ ਕਤਲ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਰਹਿਣ ਵਾਲੇ ਪਿਆਰਾ ਸਿੰਘ ਨੇ 2015 ਵਿੱਚ ਥਾਣਾ ਮਮਦੋਟ ਦੇ ਐਸਆਈ ਜਗਦੀਸ਼ ਲਾਲ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਸੀ ਕਿ ਉਸ ਕੋਲ ਸਾਢੇ 7 ਏਕੜ ਜ਼ਮੀਨ ਸੀ ਤੇ ਉਸ ਨੇ ਸਾਢੇ 7 ਏਕੜ ਜ਼ਮੀਨ ਆਪਣੇ ਹਿਸਾਬ ਨਾਲ ਆਪਣੇ ਪੁੱਤਰਾਂ ਨੂੰ ਵੰਡ ਦਿੱਤੀ ਸੀ ਅਤੇ ਇਸੇ ਵੰਡ ਦੀ ਰੰਜਸ਼ ਨੂੰ ਲੈ ਕੇ ਉਸ ਦੇ ਲੜਕੇ ਗੁਰਨਾਮ ਸਿੰਘ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਮਹਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧ ਵਿੱਚ ਮਮਦੋਟ ਪੁਲਿਸ ਵੱਲੋਂ ਸਾਲ 2015 ਵਿੱਚ ਉਕਤ ਪੰਜੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮਾਣਯੋਗ ਅਦਾਲਤ ਵਿੱਚ ਚੱਲੇ ਇਸ ਮਾਮਲੇ 'ਚ ਵਕੀਲ ਰਾਜੀਵ ਚੌਧਰੀ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਵੇਖਦੇ ਹੋਏ ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਕੇ.ਕੇ. ਗੋਇਲ ਦੀ ਅਦਾਲਤ ਨੇ ਕੇਸ ਵਿੱਚ ਨਾਮਜ਼ਦ ਗੁਰਨਾਮ ਸਿੰਘ, ਪਿੱਪਲ ਸਿੰਘ, ਮੱਖਣ ਸਿੰਘ, ਬਲਕਾਰ ਸਿੰਘ ਤੇ ਬਲਵਿੰਦਰ ਸਿੰਘ ਵਾਸੀਆਨ ਪਿੰਡ ਹਜ਼ਾਰਾ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਹੈ।