ਕੈਂਟਰ ਦੀ ਟੱਕਰ ਕਾਰਨ ਜ਼ਖਮੀ ਹੋਏ ਕਾਰ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ

Last Updated: Jun 14 2018 12:31

ਜੀ.ਟੀ ਰੋਡ ਸਥਿਤ ਪਿੰਡ ਅਲੌੜ ਦੇ ਪ੍ਰਿਸਟੀਨ ਮਾਲ ਨਜ਼ਦੀਕ ਸੋਮਵਾਰ ਦੇਰ ਰਾਤ ਇੱਕ ਤੇਜ਼ ਕੈਂਟਰ ਚਾਲਕ ਵੱਲੋਂ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰਨ ਦੀ ਘਟਨਾ ਦੇ ਦੌਰਾਨ ਜ਼ਖਮੀ ਹੋਏ ਪੰਜ ਵਿਅਕਤੀਆਂ ਵਿੱਚੋਂ ਸੀਐਮਸੀ ਲੁਧਿਆਣਾ 'ਚ ਦਾਖਲ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਹਿਚਾਣ ਹਰਸ਼ਿਤ (19) ਵਾਸੀ ਖਾਲਸਾ ਸਕੂਲ ਰੋਡ ਖੰਨਾ ਦੇ ਤੌਰ ਤੇ ਹੋਈ ਹੈ। ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ ਉਪਰੰਤ ਖੰਨਾ ਪੁਲਿਸ ਨੇ ਬੀਤੀ ਸ਼ਾਮ ਸੀਐਮਸੀ ਹਸਪਤਾਲ 'ਚੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ। ਪੁਲਿਸ ਨੇ ਇਸ ਹਾਦਸੇ ਸਬੰਧੀ ਹਾਦਸੇ ਦੇ ਬਾਅਦ ਮੌਕੇ ਤੋਂ ਫਰਾਰ ਹੋਏ ਕੈਂਟਰ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਖੰਨਾ ਦਾ ਰਹਿਣ ਵਾਲਾ ਹਰਸ਼ਿਤ ਹਾਦਸੇ ਦੇ ਸਮੇਂ ਰਾਤ ਆਪਣੀ ਕਾਰ 'ਚ ਸਵਾਰ ਹੋ ਕੇ ਮੰਡੀ ਗੋਬਿੰਦਗੜ ਤੋਂ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਜੀ.ਟੀ ਰੋਡ ਸਥਿਤ ਪਿੰਡ ਅਲੌੜ ਨਜ਼ਦੀਕ ਪਹੁੰਚਣ ਤੇ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਕੈਂਟਰ ਦੇ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਕੈਂਟਰ ਨੇ ਹਰਸ਼ਿਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ਸਵਾਰ ਹਰਸ਼ਿਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ। ਇਸ ਤੋਂ ਇਲਾਵਾ ਹਾਦਸੇ ਦੌਰਾਨ ਦੂਸਰੇ ਵਾਹਨਾਂ 'ਚ ਸਵਾਰ ਜਗਦੀਪ ਸਿੰਘ ਵਾਸੀ ਪਟਿਆਲਾ, ਸਵਰਾਜ ਸਿੰਘ ਵਾਸੀ ਪਿੰਡ ਕਲਾਲਮਾਜਰਾ, ਪਿਊਸ਼ ਕੁਮਾਰ ਵਾਸੀ ਖੰਨਾ, ਸੰਜੇ ਕੁਮਾਰ ਵਾਸੀ ਲੁਧਿਆਣਾ ਮਲਕੀਤ ਸਿੰਘ ਵਾਸੀ ਪਿੰਡ ਪੋਹੀੜ ਜ਼ਖਮੀ ਹੋ ਗਏ ਸਨ।

ਘਟਨਾ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਜਿੱਥੋਂ ਗੰਭੀਰ ਰੂਪ 'ਚ ਜ਼ਖਮੀ ਹੋਏ ਹਰਸ਼ਿਤ ਨੂੰ ਸੀਐਮਸੀ ਲੁਧਿਆਣਾ ਰੈਫਰ ਕਰਨ ਬਾਅਦ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਹਰਸ਼ਿਤ ਦੀ ਮੌਤ ਹੋ ਗਈ। ਜ਼ਖਮੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲਣ ਬਾਅਦ ਪੁਲਿਸ ਨੇ ਦੇਰ ਸ਼ਾਮ ਲਾਸ਼ ਨੂੰ ਲੁਧਿਆਣਾ ਤੋਂ ਲਿਆ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ।

ਵੀਰਵਾਰ ਸਵੇਰੇ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਇਸ ਹਾਦਸੇ ਸਬੰਧੀ ਜ਼ਖਮੀ ਹੋਏ ਜਗਦੀਪ ਸਿੰਘ ਵਾਸੀ ਪਟਿਆਲਾ ਦੇ ਬਿਆਨ ਤੇ ਕੈਂਟਰ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਜਾਂਚ ਕਰ ਰਹੀ ਹੈ।