ਵਿਆਹ 'ਚ ਗੋਲੀਆਂ ਚਲਾਉਣ ਤੋਂ ਰੋਕਣ 'ਤੇ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ, ਪਰਚਾ ਦਰਜ.!

Last Updated: Jun 14 2018 12:19

ਪਿੰਡ ਕੰਧਾਂ ਵਾਲੀ ਵਿਖੇ ਬੀਤੇ ਦਿਨ ਇੱਕ ਵਿਆਹ ਸਮਾਗਮ ਵਿੱਚ ਗੋਲੀਆਂ ਚਲਾਉਣ ਤੋਂ ਰੋਕਣ 'ਤੇ ਇੱਕ ਵਿਅਕਤੀ ਦੀ ਬੇਰਹਿਮੀ ਦੇ ਨਾਲ 4 ਵਿਅਕਤੀਆਂ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਗਈ। ਗੋਲੀਆਂ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ 4 ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੱਜ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਕੰਧਾਂ ਵਾਲੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਦਾ ਬੀਤੇ ਦਿਨ ਵਿਆਹ ਸੀ ਅਤੇ ਗੁਰਜੰਟ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਅਤੇ ਹਰਜਿੰਦਰ ਸਿੰਘ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਾਸਤੇ ਆਏ ਸਨ, ਜਿਨ੍ਹਾਂ ਨੇ ਵਿਆਹ ਵਿੱਚ ਹਵਾਈ ਫਾਇਰ ਕੀਤੇ ਜੋ ਉਨ੍ਹਾਂ ਦੀ ਪਾਣੀ ਵਾਲੀ ਟੈਂਕੀ 'ਤੇ ਲੱਗੇ।

ਜੱਜ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਫਾਇਰ ਕਰਨ ਤੋਂ ਰੋਕਣਾ ਚਾਹਿਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਮਦੋਟ ਦੇ ਐਸਐਚਓ ਰਸ਼ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੱਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਸੁਰੈਣ ਸਿੰਘ, ਸੁਰਿੰਦਰ ਸਿੰਘ ਵਾਸੀਅਨ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਹਰਜਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਮਦੋਟ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।