ਪਰਿਵਾਰ 'ਤੇ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ ਦੇ ਦੋਸ਼ 'ਚ 100 ਤੋਂ ਵੱਧ ਲੋਕਾਂ ਖ਼ਿਲਾਫ਼ ਪਰਚਾ ਦਰਜ..!!!

Last Updated: Jun 14 2018 12:11

ਨਜ਼ਦੀਕੀ ਪਿੰਡ ਬਾਜੇ ਕੇ ਵਿਖੇ ਇੱਕ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਨੇ 100 ਤੋਂ ਵੱਧ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਲਾਲ ਪੁੱਤਰ ਜਵਾਹਰਾ ਰਾਮ ਵਾਸੀ ਪਿੰਡ ਬਾਜੇ ਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਬੀਤੀ ਦੁਪਹਿਰ ਉਹ ਆਪਣੇ ਪਰਿਵਾਰ ਸਮੇਤ ਨਵੀਂ ਕੋਠੀ ਵਿੱਚ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ 100 ਤੋਂ ਵੱਧ ਲੋਕ ਆਏ ਜਿਨ੍ਹਾਂ ਨੇ ਆਉਂਦੇ ਸਾਰ ਹੀ ਉਨ੍ਹਾਂ ਦੀ ਕੋਠੀ ਦੀ ਕੰਧ ਢਾਹ ਦਿੱਤੀ ਅਤੇ ਲਲਕਾਰੇ ਮਾਰਦੇ ਹੋਏ ਘਰ ਅੰਦਰ ਦਾਖਲ ਹੋ ਗਏ। ਕਸ਼ਮੀਰ ਲਾਲ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਸ ਦੇ ਤਾਏ ਦੇ ਲੜਕੇ ਹਰਭਜਨ ਸਿੰਘ, ਉਸ ਦੀ ਪਤਨੀ ਇੰਦਰਜੀਤ ਕੌਰ ਅਤੇ ਉਸ 'ਤੇ ਮਾਰ ਦੇਣ ਦੀ ਨੀਯਤ ਨਾਲ ਉਕਤ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੋਂ ਬਾਅਦ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਝਪਟ ਕੇ ਲੈ ਗਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਦੇ ਏਐਸਆਈ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਸ਼ਮੀਰ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਰੇਸ਼ਮ ਸਿੰਘ ਮਿੱਡਾ ਪੁੱਤਰ ਬਚਨ ਸਿੰਘ, ਹਾਕਮ ਸਿੰਘ ਪੁੱਤਰ ਕਿਸ਼ਨ ਚੰਦ, ਪ੍ਰਸ਼ੋਤਮ ਲਾਲ ਪੁੱਤਰ ਹਾਕਮ ਚੰਦ, ਦੇਸ ਰਾਜ ਪੁੱਤਰ ਮੋਤੀ ਰਾਮ, ਲੇਖ ਰਾਜ ਪੁੱਤਰ ਮੋਤੀ ਰਾਮ ਤੋਂ ਇਲਾਵਾ 100 ਤੋਂ ਵੱਧ ਅਣਪਛਾਤਿਆਂ ਖ਼ਿਲਾਫ਼ ਧਾਰਾ 307, 452, 379-ਬੀ, 427, 506, 148,149, 120-ਬੀ ਆਈਪੀਸੀ ਅਤੇ 25, 27, 54, 59 ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।