ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ.!!!

Gurpreet Singh Josan
Last Updated: Jun 14 2018 12:14

ਬੀਤੀ ਸ਼ਾਮ ਪਿੰਡ ਗਿੱਲ ਦੇ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿੱਚ ਥਾਣਾ ਘੱਲ ਖੁਰਦ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ ਆਈਪੀਸੀ ਤਹਿਤ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਗਿੱਲ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਬੀਤੇ ਦਿਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਆਪਣੇ ਪਿੰਡ ਨੂੰ ਆ ਰਿਹਾ ਸੀ। ਗੁਰਮੇਲ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜਦੋਂ ਗੁਰਪ੍ਰੀਤ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਇਸ ਦੌਰਾਨ ਪਿੰਡ ਭਲੂਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਤੇਜ਼ ਰਫ਼ਤਾਰ ਨਾਲ ਆਪਣਾ ਮੋਟਰਸਾਈਕਲ ਉਲਟੇ ਪਾਸੇ ਲਿਆ ਕੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਮਾਰਿਆ।

ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘੱਲ ਖੁਰਦ ਦੇ ਏਐਸਆਈ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਰਮਜੀਤ ਸਿੰਘ ਦੇ ਖਿਲਾਫ ਧਾਰਾ 304-ਏ, 279, 427 ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।