ਖੇਡਦੇ ਸਮੇਂ ਗੰਦੇ ਪਾਣੀ ਦੇ ਛੱਪੜ 'ਚ ਡਿੱਗਕੇ ਚਾਰ ਸਾਲਾਂ ਬੱਚੇ ਦੀ ਹੋਈ ਮੌਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2018 19:31

ਘਰ ਦੇ ਨਜ਼ਦੀਕ ਖੇਡਦੇ ਸਮੇਂ ਨਜ਼ਦੀਕੀ ਪਿੰਡ ਈਸੜੂ 'ਚ ਗੰਦੇ ਪਾਣੀ ਦੇ ਛੱਪੜ 'ਚ ਡਿੱਗ ਜਾਣ ਕਾਰਨ ਡੁੱਬ ਕੇ ਇੱਕ ਚਾਰ ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਗਾਇਬ ਹੋਏ ਬੱਚੇ ਨੂੰ ਤਲਾਸ਼ ਕਰਨ ਲਈ ਦੇਰ ਰਾਤ ਤੱਕ ਖੰਨਾ ਪੁਲਿਸ ਨੇ ਗੋਤਾਖੋਰਾਂ ਅਤੇ ਲੋਕਾਂ ਦੀ ਮਦਦ ਨਾਲ ਛੱਪੜ 'ਚ ਸਰਚ ਓਪਰੇਸ਼ਨ ਚਲਾਇਆ। ਕਈ ਘੰਟਿਆਂ ਦੀ ਜੱਦੋਜਹਿਦ ਕਰਨ ਦੇ ਬਾਅਦ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਨੇ ਗੋਤਾਖੋਰਾਂ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਬੁੱਧਵਾਰ ਦੁਪਹਿਰ ਛੱਪੜ ਚੋਂ ਬੱਚੇ ਦੀ ਲਾਸ਼ ਨੂੰ ਬਰਾਮਦ ਕਰਕੇ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਦਾ ਸ਼ਿਕਾਰ ਹੋਏ ਬੱਚੇ ਦੀ ਪਹਿਚਾਣ ਆਕਾਸ਼ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਈਸੜੂ ਵਜੋਂ ਹੋਈ ਹੈ। ਬਾਅਦ 'ਚ ਪੁਲਿਸ ਨੇ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ।

ਮਿਲੀ ਜਾਣਕਾਰੀ ਦੇ ਮੁਤਾਬਕ ਮੰਗਲਵਾਰ ਦੀ ਸ਼ਾਮ ਨੂੰ ਪਿੰਡ ਈਸੜੂ ਸਥਿਤ ਆਪਣੇ ਘਰ ਦੇ ਕੋਲ ਉਕਤ ਬੱਚਾ ਆਕਾਸ਼ ਖੇਡ ਰਿਹਾ ਸੀ। ਖੇਡਦੇ ਸਮੇਂ ਉਹ ਘਰ ਦੇ ਬਿਲਕੁਲ ਨਜ਼ਦੀਕ ਸਥਿਤ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ 'ਚ ਡਿੱਗ ਗਿਆ। ਜਿਸ ਸਬੰਧੀ ਕਿਸੇ ਵਿਅਕਤੀ ਨੂੰ ਉਸਦੇ ਛੱਪੜ 'ਚ ਡਿੱਗ ਜਾਣ ਸਬੰਧੀ ਪਤਾ ਨਹੀਂ ਲੱਗ ਸਕਿਆ। ਦੇਰ ਸ਼ਾਮ ਤੱਕ ਬੱਚੇ ਦੇ ਵਾਪਸ ਘਰ ਆਉਣ ਦੇ ਕਾਰਨ ਪਰੇਸ਼ਾਨ ਹੋਏ ਉਸਦੇ ਮਾਂ-ਬਾਪ ਨੇ ਆਕਾਸ਼ ਦੀ ਤਲਾਸ਼ ਸ਼ੁਰੂ ਕੀਤੀ, ਪਰ ਉਨ੍ਹਾਂ ਨੂੰ ਆਪਣੇ ਲਾਡਲੇ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਗਾਇਬ ਹੋਏ ਬੱਚੇ ਸਬੰਧੀ ਕਾਫੀ ਸਮੇਂ ਤੱਕ ਕੋਈ ਜਾਣਕਾਰੀ ਨਾ ਮਿਲਣ ਦੇ ਬਾਅਦ ਉਸਦੇ ਪਿਤਾ ਈਸੜੂ ਪੁਲਿਸ ਚੌਂਕੀ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।

ਬੱਚੇ ਦੇ ਗਾਇਬ ਹੋਣ ਬਾਰੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਚੌਂਕੀ ਇੰਚਾਰਜ ਏਐਸਆਈ ਬਲਵੀਰ ਸਿੰਘ ਨੇ ਪੁਲਿਸ ਮੁਲਾਜਮਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਬੱਚੇ ਦੀ ਮਾਪਿਆਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਗਾਇਬ ਹੋਏ ਆਕਾਸ਼ ਦੀ ਤਲਾਸ਼ ਸ਼ੁਰੂ ਕੀਤੀ। ਇਸੇ ਦੌਰਾਨ ਪੁਲਿਸ ਨੂੰ ਉਸਦੇ ਘਰ ਨਜ਼ਦੀਕ ਛੱਪੜ ਦੇ ਕਿਨਾਰੇ ਤੋਂ ਬੱਚੇ ਦੀਆਂ ਚੱਪਲਾਂ ਬਰਾਮਦ ਹੋਈਆਂ। ਜਿਸਦੇ ਬਾਅਦ ਪੁਲਿਸ ਅਤੇ ਉਸਦੇ ਮਾਪਿਆਂ ਨੂੰ ਸ਼ੱਕ ਹੋਇਆ ਕਿ ਬੱਚਾ ਖੇਡਦੇ ਸਮੇਂ ਛੱਪੜ 'ਚ ਡਿੱਗ ਗਿਆ ਹੋਵੇਗਾ।

ਜਾਣਕਾਰੀ ਮੁਤਾਬਕ ਇਸ ਸਬੰਧੀ ਪਤਾ ਲੱਗਣ ਦੇ ਬਾਅਦ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਛੱਪੜ 'ਚ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਗਈ। ਪੁਲਿਸ ਨੇ ਗੋਤਾਖੋਰ ਬੁਲਾਕੇ ਬੱਚੇ ਨੂੰ ਛੱਪੜ 'ਚੋਂ ਲੱਭਣਾ ਸ਼ੁਰੂ ਕੀਤਾ। ਦੇਰ ਰਾਤ ਕਰੀਬ 11 ਵਜੇ ਤੱਕ ਪੁਲਿਸ ਗੋਤਾਖੋਰਾਂ ਅਤੇ ਲੋਕਾਂ ਦੀ ਮਦਦ ਨਾਲ ਬੱਚੇ ਦੀ ਤਲਾਸ਼ ਕਰਦੀ ਰਹੀ, ਪਰ ਹਨੇਰਾ ਜਿਆਦਾ ਹੋਣ ਕਾਰਨ ਬੱਚਾ ਨਹੀਂ ਮਿਲ ਸਕਿਆ ਅਤੇ ਸਰਚ ਓਪਰੇਸ਼ਨ ਰੋਕ ਦਿੱਤਾ ਗਿਆ। ਬੁੱਧਵਾਰ ਸਵੇਰੇ ਕਰੀਬ 4 ਵਜੇ ਪੁਲਿਸ ਨੇ ਦੁਬਾਰਾ ਬੱਚੇ ਦੀ ਤਲਾਸ਼ ਸ਼ੁਰੂ ਕੀਤੀ। ਗੋਤਾਖੋਰ ਅਤੇ ਪਿੰਡ ਦੇ ਕੁਝ ਲੋਕ ਛੱਪੜ 'ਚ ਬੱਚੇ ਨੂੰ ਲੱਭਦੇ ਰਹੇ।

ਦੂਸਰੇ ਪਾਸੇ ਇਸ ਘਟਨਾ ਸਬੰਧੀ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਪਾਣੀ ਵਾਲਾ ਪੰਪ ਲਗਾਕੇ ਛੱਪੜ 'ਚੋਂ ਪਾਣੀ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਗਿਆ। ਬਾਅਦ 'ਚ ਗੋਤਾਖੋਰਾਂ ਦੀ ਮਦਦ ਨਾਲ ਦੁਪਹਿਰ ਕਰੀਬ ਸਾਢੇ 11 ਵਜੇ ਆਖਰਕਾਰ ਪੁਲਿਸ ਨੂੰ ਛੱਪੜ 'ਚ ਡਿੱਗਕੇ ਮੌਤ ਦਾ ਸ਼ਿਕਾਰ ਹੋਏ ਬੱਚੇ ਦੀ ਲਾਸ਼ ਬਰਾਮਦ ਹੋ ਸਕੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਬਾਅਦ 'ਚ ਪੁਲਿਸ ਵੱਲੋਂ ਬੱਚੇ ਦੇ ਪਿਤਾ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾਉਣ ਲਾਸ਼ ਨੂੰ ਉਸਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ।