ਅਪਰਾਧੀਆਂ ਦੇ ਸ਼ਿਕੰਜੇ ਵਿੱਚ ਸ਼ਹਿਰ, ਪੁਲਿਸ ਬੇਬਸ (ਨਿਊਜ਼ਨੰਬਰ ਖਾਸ ਖਬਰ)

Last Updated: Jun 13 2018 19:15

ਇਸ ਸਮੇਂ ਹੈਰੀਟੇਜ ਸਿਟੀ ਦੀ ਜਨਤਾ ਸੁਰੱਖਿਅਤ ਨਹੀਂ ਹੈ। ਪੂਰਾ ਸ਼ਹਿਰ ਅਪਰਾਧੀਆਂ ਦੇ ਸ਼ਿਕੰਜੇ ਵਿੱਚ ਹੈ ਅਤੇ ਪੁਲਿਸ ਇਹਨਾਂ ਅਪਰਾਧੀਆਂ ਅੱਗੇ ਬੇਬਸ ਨਜਰ ਆ ਰਹੀ ਹੈ। ਪੀ.ਸੀ.ਆਰ ਟੀਮ ਬੇਅਸਰ ਸਾਬਿਤ ਹੋ ਰਹੀ ਹੈ ਅਤੇ ਟ੍ਰੈਫਿਕ ਪੁਲਿਸ ਵੀ ਸਿਰਫ਼ ਆਵਾਜਾਈ ਦੇ ਨਾਂਅ ਤੇ ਚਲਾਣ ਕੱਟਣ ਵਿੱਚ ਬਿਜ਼ੀ ਹੈ। ਪਿਛਲੇ 40 ਦਿਨਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ, ਜਿਸਨੇ ਐਸ.ਐਸ.ਪੀ ਸੰਦੀਪ ਸ਼ਰਮਾ ਦੀ ਕਪਤਾਨੀ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਪਿਛਲੇ 40 ਦਿਨਾਂ ਤੇ ਝਾਤ ਮਾਰੀਏ ਤਾਂ ਸਿਰਫ਼ ਚਾਰ ਦਿਨ ਪਹਿਲਾਂ ਸ਼ਨੀਵਾਰ ਨੂੰ ਗਨ ਪੁਆਇੰਟ ਤੇ ਸ਼ਰੇਆਮ ਅੰਮ੍ਰਿਤਸਰ ਰੋਡ ਸਥਿਤ ਦੋਆਬਾ ਪਟਰੋਲ ਪੰਪ ਦੇ ਕੋਲ ਇੱਕ ਵਪਾਰੀ ਵਿਜੈ ਕੁਮਾਰ ਗੁਪਤਾ ਕੋਲੋਂ ਢਾਈ ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲੈ ਗਿਆ। ਜਦਕਿ ਇਸ ਤੋਂ ਤਿੰਨ ਦਿਨ ਪਹਿਲਾਂ ਸੀ.ਸੀ.ਟੀ.ਵੀ ਇੰਸਟਾਲੇਸ਼ਨ ਦਾ ਕੰਮ ਕਰਣ ਵਾਲੇ ਅਨੁਜ ਕੁਮਾਰ ਨੂੰ ਸੰਤਪੁਰਾ ਏਰੀਆ ਵਿੱਚ ਰਾਤ 09:50 ਤੇ ਉਸ ਸਮੇਂ ਗਨ ਪੁਆਇੰਟ ਉੱਤੇ ਲੁੱਟਣ ਦੀ ਕੋਸ਼ਿਸ਼ ਹੋਈ, ਜਦੋਂ ਉਹ ਘਰ ਪਰਤ ਰਿਹਾ ਸੀ। ਜਦੋਂ ਉਹ ਪੁਲਿਸ ਨੂੰ ਸ਼ਿਕਾਇਤ ਦੇਣ ਗਏ ਤਾਂ ਅੱਗੇ ਬੈਠਾ ਪੁਲਿਸ ਕਰਮਚਾਰੀ ਉਲਟਾ ਉਨ੍ਹਾਂ ਨੂੰ ਹੀ ਸਲਾਹ ਦਿੰਦੇ ਝਾੜ ਪਾਉਣ ਲੱਗ ਪਿਆ ਕਿ ਉਹ ਇੰਨੀ ਰਾਤ ਨੂੰ ਬਾਹਰ ਕਿਉਂ ਘੁੰਮ ਰਿਹਾ ਹੈ। ਇਸ ਤੋਂ ਸਾਫ਼ ਝਲਕਦਾ ਹੈ ਕਿ ਪੁਲਿਸ ਦੇ ਲਾਪਰਵਾਹ ਰਵੱਈਏ ਨਾਲ ਹੀ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ।

ਆਪਣੇ ਘਰ ਜਾ ਰਹੀ ਇੱਕ ਮਹਿਲਾ ਅਧਿਆਪਕ ਨੂੰ ਕਾਲ਼ਾ ਸੰਘਿਆ ਰੋਡ ਉੱਤੇ ਬਦਮਾਸ਼ਾਂ ਨੇ ਰੋਕ ਕੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ ਹਜਾਰਾਂ ਰੁਪਏ ਦੀ ਨਗਦੀ ਅਤੇ ਜਰੂਰੀ ਕਾਗਜਾਤ ਸਨ। ਇਸ ਘਟਨਾ ਨੂੰ 12 ਘੰਟੇ ਨਹੀਂ ਗੁਜ਼ਰੇ ਸਨ ਕਿ ਇੱਕ ਹੋਰ ਮਹਿਲਾ ਦੀਆਂ ਲੁਟੇਰਿਆਂ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਰੋਡ ਤੇ ਸ਼ਰੇਆਮ ਸੋਨੇ ਦੀ ਚੈਨ ਝਪਟ ਲਈ। ਪਿੰਡ ਲੱਖਨ ਦੇ ਪੱਡੇ ਰੋਡ ਤੇ ਲੁਟੇਰਿਆਂ ਨੇ ਔਰਤਾਂ ਨੂੰ ਰੋਕ ਕੇ ਸਾਮਾਨ ਅਤੇ ਮੋਬਾਈਲ ਫ਼ੋਨ ਲੁੱਟ ਲਿਆ ਅਤੇ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਭੀੜ-ਭਾੜ ਵਾਲੇ ਏਰੀਆ ਜਲੌਖਾਨਾ ਚੌਕ ਵਿੱਚ ਪੈਦਲ ਜਾ ਰਹੀ ਮਹਿਲਾ ਦੀ ਚੈਨ ਝਪਟ ਲਈ ਗਈ। ਇਸ ਚੌਕ ਦੇ ਕੋਲ ਮੱਛੀ ਚੌਕ ਵਿੱਚ ਬੈਂਕ ਤੋਂ ਪੈਸੇ ਕਢਵਾ ਕੇ ਘਰ ਜਾ ਰਹੀ ਮਹਿਲਾ ਨੂੰ ਬਦਮਾਸ਼ਾਂ ਨੇ ਘੇਰ ਕੇ ਧੱਕਾ ਮਾਰਿਆ ਅਤੇ 40 ਹਜਾਰ ਰੁਪਏ ਨਾਲ ਭਰਿਆ ਬੈਗ ਖੋਹ ਕੇ ਭੱਜ ਗਏ। ਬੀਤੇ ਐਤਵਾਰ ਦੀ ਦੇਰ ਸ਼ਾਮ ਕਚਹਿਰੀ ਚੌਕ ਸਥਿਤ ਇੱਕ ਮੰਦਿਰ ਵਿੱਚ ਮੱਥਾ ਟੇਕ ਕੇ ਘਰ ਜਾ ਰਹੀ ਮਹਿਲਾ ਭਾਜਪਾ ਨੇਤਾ ਕ੍ਰਿਸ਼ਣਾ ਹਾਂਡਾ ਨੂੰ ਸਦਰ ਬਾਜ਼ਾਰ ਵਿੱਚ ਕੁਝ ਨੌਜਵਾਨ ਨੇ ਘੇਰ ਕੇ ਉਨ੍ਹਾਂ ਦੇ ਗਲੇ ਵਿੱਚ ਪਾਈ ਹੋਈ ਢਾਈ ਤੋਲੇ ਦੀ ਸੋਨੇ ਦੀ ਚੈਨ ਲਾਹ ਲਈ। ਮਾਲ ਰੋਡ ਅਤੇ ਮਾਡਲ ਟਾਊਨ ਜਿਹੇ ਪਾਸ਼ ਏਰੀਆ ਵਿੱਚ ਲੁਟੇਰਿਆਂ ਨੇ ਸੈਰ ਕਰ ਰਹੇ ਲੋਕਾਂ ਦੇ ਮੋਬਾਈਲ ਖੋਹੇ।

ਨਕੋਦਰ ਰੋਡ ਤੇ ਇੱਕ ਪਿੰਡ ਦੇ ਸਕੂਲ ਵਿੱਚ ਪੜਾਉਣ ਵਾਲੀ 35 ਸਾਲ ਦੀ ਅਧਿਆਪਕਾ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਹ ਸਵੇਰੇ ਸਕੂਲ ਡਿਊਟੀ ਲਈ ਜਾ ਰਹੀ ਸੀ ਕਿ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸਦੇ ਪਹਿਣੇ ਹੋਏ ਜ਼ੇਵਰ ਉਤਰਵਾ ਲਏ। ਪਰ ਸ਼ੁਕਰ ਰਿਹਾ ਕਿ ਉਹ ਜ਼ੇਵਰ ਆਰਟੀਫੀਸ਼ਲ ਸਨ। ਪਰ ਅਗਲੇ ਹੀ ਦਿਨ ਸਕੂਲ ਜਾਂਦੇ ਸਮਾਂ ਉਸੇ ਵਕਤ ਉਸੇ ਜਗ੍ਹਾ ਉਨ੍ਹਾਂ ਨੌਜਵਾਨਾਂ ਨੇ ਦੋਬਾਰਾ ਉਸਦੀ ਸਕੂਟਰੀ ਰੋਕ ਕੇ ਨਾ ਕੇਵਲ ਉਸਦੇ ਨਕਲੀ ਜ਼ੇਵਰ ਵਾਪਸ ਕੀਤੇ, ਸਗੋਂ ਕੁੱਟਮਾਰ ਵੀ ਕੀਤੀ। ਇਹ ਉਹ ਵਾਰਦਾਤਾਂ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਦਾ ਪੁਲਿਸ ਦੇ ਕੋਲ ਕੋਈ ਰਿਕਾਰਡ ਨਹੀਂ ਹੈ। ਐਸ.ਐਸ.ਪੀ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੇਵਲ ਦੋ-ਤਿੰਨ ਵਾਰਦਾਤਾਂ ਦਾ ਰਿਕਾਰਡ ਹੈ। ਪੁਲਿਸ  ਦੇ ਸੁਰੱਖਿਆ ਦਸਤੇ ਨੂੰ ਕਰੜਾ ਕੀਤਾ ਜਾ ਰਿਹਾ ਹੈ। ਪੀ.ਸੀ.ਆਰ ਦੇ ਬੇੜੇ ਵਿੱਚ ਸੱਤ ਨਵੇਂ ਮੋਟਰਸਾਈਕਲ ਸ਼ਾਮਲ ਕੀਤੇ ਗਏ ਹਨ। ਹਰ ਚੌਕ ਤੇ ਪੁਲਿਸ ਗਸ਼ਤ ਵੱਧਾ ਦਿੱਤੀ ਗਈ ਹੈ। ਉਹ ਖੁਦ ਪੂਰੇ ਸੁਰੱਖਿਆ ਅਮਲੇ ਦੀ ਮਾਨੀਟਰਿੰਗ ਕਰ ਰਹੇ ਹਨ। ਸ਼ਹਿਰ ਵਿੱਚ ਵੱਖ-ਵੱਖ ਚੌਕਾਂ ਵਿੱਚ ਲੱਗੇ 38 ਸੀ.ਸੀ.ਟੀ.ਵੀ ਕੈਮਰਿਆਂ ਵਿੱਚੋਂ 20 ਨੂੰ ਚਾਲੂ ਕਰ ਦਿੱਤਾ ਗਿਆ ਹੈ। ਬਾਕੀ ਵੀ ਛੇਤੀ ਚਾਲੂ ਕਰ ਦਿੱਤੇ ਜਾਣਗੇ। ਜ਼ਿਲ੍ਹਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ।