ਡੇਰੇ 'ਚੋਂ ਰਿਵਾਲਵਰ, 40 ਤੋਲੇ ਸੋਨਾ ਅਤੇ 3 ਲੱਖ ਦੀ ਨਗਦੀ ਚੋਰੀ.!

Last Updated: Jun 13 2018 19:05

ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਮੋਹਰੇ ਵਾਲਾ ਵਿਖੇ ਬਣੇ ਇੱਕ ਡੇਰੇ ਵਿੱਚੋਂ 40 ਤੋਲੇ ਸੋਨਾ, ਰਿਵਾਲਵਰ ਅਤੇ 3 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੰਗਾ ਰਾਮ ਪੁੱਤਰ ਕਰਤਾਰ ਦਾਸ ਵਾਸੀ ਪਿੰਡ ਮੋਹਰੇ ਵਾਲਾ ਨੇ ਪੁਲਿਸ ਥਾਣਾ ਮਮਦੋਟ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਬੀਤੇ ਕਰੀਬ 10 ਸਾਲ ਤੋਂ ਡੇਰੇ 'ਤੇ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੀਤੀ ਦਰਮਿਆਨੀ ਰਾਤ ਡੇਰੇ ਅੰਦਰ ਅਣਪਛਾਤੇ ਚੋਰ ਦਾਖਲ ਹੋ ਕੇ ਅਸਲਾ ਰਿਵਾਲਵਰ 32 ਬੋਰ, 40 ਤੋਲੇ ਸੋਨਾ ਅਤੇ 3 ਲੱਖ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਸਬੰਧਤ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਐਸਐਚਓ ਮਮਦੋਟ ਰਸ਼ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੰਗਾ ਰਾਮ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਚੋਰ ਫੜ ਲਏ ਜਾਣਗੇ।