ਸਿਵਲ ਹਸਪਤਾਲ ਵਿਖੇ ਪਾਰਕਿੰਗ ਪਰਚੀ ਨੂੰ ਲੈ ਕੇ ਸਕੂਟੀ ਸਵਾਰ ਅਤੇ ਠੇਕੇਦਾਰ ਭਿੜੇ

Last Updated: Jun 13 2018 18:53

ਸਿਵਲ ਹਸਪਤਾਲ ਵਿਖੇ 10 ਰੁਪਏ ਦੀ ਪਾਰਕਿੰਗ ਪਰਚੀ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਅਤੇ ਸਕੂਟੀ ਸਵਾਰ ਨੌਜਵਾਨ ਵਿਚਾਲੇ ਝਗੜਾ ਹੋ ਗਿਆ। ਇਸ ਕੁੱਟਮਾਰ ਵਿੱਚ ਠੇਕੇਦਾਰ ਤਿਲਕਰਾਜ ਦਾ ਪੁੱਤਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਝਗੜੇ ਨੂੰ ਵਧਦਾ ਵੇਖ ਸਿਵਲ ਹਸਪਤਾਲ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਝਗੜੇ ਨੂੰ ਛੁਡਵਾਇਆ। ਜਦਕਿ ਮੌਕਾ ਵੇਖ ਸਕੂਟੀ ਤੇ ਆਇਆ ਨੌਜਵਾਨ ਇੱਕ ਔਰਤ ਨਾਲ ਸਕੂਟੀ ਲੈ ਫਰਾਰ ਹੋ ਗਿਆ। ਜਿਸਦੇ ਬਾਅਦ ਜ਼ਖਮੀ ਕਾਕੇ ਦਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਤਿਲਕਰਾਜ ਨੇ ਕਿਹਾ ਕਿ ਦੁਪਹਿਰ ਦੇ ਸਮੇਂ ਸਕੂਟੀ ਤੇ ਇੱਕ ਨੌਜਵਾਨ ਅਤੇ ਇੱਕ ਔਰਤ ਆਏ। ਉਨ੍ਹਾਂ ਦੇ ਪੁੱਤਰ ਨੇ ਸਕੂਟੀ ਸਵਾਰ ਨੂੰ 10 ਰੁਪਏ ਦੀ ਪਾਰਕਿੰਗ ਪਰਚੀ ਕਟਵਾਉਣ ਲਈ ਕਿਹਾ ਤਾਂ ਸਕੂਟੀ ਸਵਾਰ ਪਰਚੀ ਕਟਵਾਉਣ ਦੀ ਵਜਾਏ ਉਨ੍ਹਾਂ ਦੇ ਪੁੱਤਰ ਨੂੰ ਧਮਕੀ ਦੇਣਾ ਸ਼ੁਰੂ ਹੋ ਗਿਆ। ਬਾਰ-ਬਾਰ ਸਮਝਾਉਣ ਦੇ ਬਾਅਦ ਵੀ ਉਹ ਨਹੀਂ ਮੰਨਿਆ ਅਤੇ ਸਕੂਟੀ ਨੂੰ ਭੀੜ ਵਾਲੀ ਜਗ੍ਹਾ ਤੇ ਖੜਾ ਕਰ ਦਿੱਤਾ, ਜਦ ਉਨ੍ਹਾਂ ਉਸ ਨੂੰ ਰੋਕਿਆ ਤਾਂ ਉਸਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਨੌਜਵਾਨ ਨੇ ਉਨ੍ਹਾਂ ਦੇ ਪੁੱਤਰ ਦੇ ਸਿਰ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਵਜ੍ਹਾ ਨਾਲ ਉਨ੍ਹਾਂ ਦਾ ਪੁੱਤਰ ਜ਼ਖਮੀ ਹੋ ਗਿਆ। ਜਿਸਦੀ ਸ਼ਿਕਾਇਤ ਉਨ੍ਹਾਂ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ।