ਰੈਡ ਕਰਾਸ ਸੋਸਾਇਟੀ ਵੱਲੋਂ 50 ਲੋੜਵੰਦ ਔਰਤਾਂ ਨੂੰ ਦਿੱਤੀ ਗਈ ਸਿਲਾਈ ਮਸ਼ੀਨ

Last Updated: Jun 13 2018 19:00

ਮਹਿਲਾਵਾਂ ਅਤੇ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਆਪ ਖੜੇ ਹੋਣ ਵਿੱਚ ਮਦਦ ਕਰਨ ਲਈ ਅੱਗੇ ਆਕੇ ਕੰਮ ਕਰ ਰਹੀ ਰੈਡ ਕਰਾਸ ਸੋਸਾਇਟੀ ਵੱਲੋਂ ਕਈ ਤਰ੍ਹਾਂ ਦੇ ਕਿੱਤਾ ਮੁਖੀ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸੈਂਕੜਿਆਂ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਕਿੱਤਾ ਸ਼ੁਰੂ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਚੰਗੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੋਸਾਇਟੀ ਵੱਲੋਂ 50 ਲੋੜਵੰਦ ਮਹਿਲਾਵਾਂ ਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਸਹਾਇਕ ਕਮਿਸ਼ਨਰ ਜਗਦੀਪ ਸਹਿਗਲ ਨੇ ਰੈਡ ਕਰਾਸ ਵਿਖੇ ਕਰਵਾਏ ਗਏ ਇੱਕ ਸਿਲਾਈ ਮਸ਼ੀਨ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਿੱਤਾ ਮੁਖੀ ਸਿਖਲਾਈ ਦੀ ਬਹੁਤ ਮਹੱਤਤਾ ਹੈ। ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਵੱਲੋਂ ਵਿਧਵਾ ਤੇ ਲੋੜਵੰਦ ਮਹਿਲਾਵਾਂ ਅਤੇ ਬੇਰੁਜ਼ਗਾਰ ਲੜਕੀਆਂ ਦੇ ਸਹਿਯੋਗ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਤਹਿਤ ਹੀ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਐਨ.ਆਰ.ਆਈ ਤੋਂ ਪ੍ਰਾਪਤ ਸਹਿਯੋਗ ਰਾਸ਼ੀ ਤੋਂ 50 ਲੋੜਵੰਦ ਮਹਿਲਾਵਾਂ ਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਹੈ।

ਐਨ.ਆਰ.ਆਈ ਦੇ ਪਰਿਵਾਰਕ ਮੈਂਬਰ ਵੱਲੋਂ ਇਸ ਪ੍ਰੋਜੈਕਟ ਅਧੀਨ ਵਿੱਤੀ ਸਹਾਇਤਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਸਾਇਟੀ ਦੀ ਮਦਦ ਕਰਨ ਵਾਲਿਆਂ ਤੋਂ ਪ੍ਰਾਪਤ ਰਾਸ਼ੀ ਰਾਹੀਂ ਸੋਸਾਇਟੀ ਕਈ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਚਲਾ ਰਹੀ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਸੋਸਾਇਟੀ ਦੀ ਮਦਦ ਕਰਨ ਲਈ ਆਪਣੇ ਹੱਥ ਅੱਗੇ ਵਧਾਉਣ ਤਾਂ ਜੋ ਲੋੜਵੰਦਾਂ ਤੱਕ ਮਦਦ ਪਹੁੰਚਾ ਕੇ ਮਾਨਵਤਾ ਦੇ ਫਰਜ ਨੂੰ ਨਿਭਾ ਸਕੀਏ।