ਹਰੀਕੇ ਤੋਂ ਹੋਵੇਗਾ ਪਾਣੀ ਸੰਭਾਲ ਮੁਹਿੰਮ ਦਾ ਆਗਾਜ਼, 15 ਨੂੰ ਖਾਸ ਪੋਸ਼ਾਕਾਂ 'ਚ ਪਹੁੰਚਣਗੇ ਲੋਕ – ਢਾਬਾਂ

Last Updated: Jun 13 2018 18:32

ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਵੱਲੋਂ ਪੰਜਾਬ 'ਚ ਪ੍ਰਦੂਸ਼ਤ ਹੋ ਰਹੇ ਪਾਣੀ ਨੂੰ ਰੋਕਣ ਅਤੇ ਲਗਾਤਾਰ ਡੂੰਘੇ ਜਾ ਰਹੇ ਪਾਣੀ ਦੀ ਸੰਭਾਲ ਲਈ ਮੁਹਿੰਮ ਦਾ ਆਗਾਜ਼ 15 ਜੂਨ ਤੋਂ ਹਰੀਕੇ ਹੈੱਡ ਤੋਂ ਕੀਤਾ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਵਿਦਿਆਰਥੀ ਆਗੂ  ਇੱਕ ਵਿਸ਼ੇਸ਼ ਕਿਸਮ ਦੀ ਵਰਦੀ ਪਹਿਨ ਕੇ ਹਿੱਸਾ ਲੈਣਗੇ। ਇਹ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕੀਤਾ। ਇਸ ਮੁਹਿੰਮ ਨੂੰ ਲੈ ਕੇ ਕੀਤੀ ਜਾ ਰਹੀ ਤਿਆਰੀ ਨੂੰ ਅੰਤਿਮ ਛੋਹ ਦੇਣ ਲਈ ਬੁਲਾਈ ਗਈ ਮੀਟਿੰਗ 'ਚ ਸਭਾ ਦੇ ਸੂਬਾ ਪ੍ਰਧਾਨ ਸਮੇਤ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਇਹ ਮੁਹਿੰਮ ਦੋਵਾਂ ਜੱਥੇਬੰਦੀਆਂ ਦੀ ਸਾਂਝੀ ਮੁਹਿੰਮ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਪੰਜਾਬ ਦੇ ਕਾਰਪੋਰੇਟ ਘਰਾਣੇ ਅਤੇ ਫ਼ੈਕਟਰੀਆਂ ਦੇ ਮਾਲਕ ਨਿਯਮਾਂ ਕਾਨੂੰਨਾਂ ਦੀਆਂ ਸਰੇਆਮ ਧੱਜੀਆਂ ਉਡਾਉਂਦਿਆਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਲਗਾਤਾਰ ਪ੍ਰਦੂਸ਼ਿਤ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਵੀ ਆਪਣੇ ਸਿਆਸੀ ਲਾਹੇ ਨੂੰ ਮੁੱਖ ਰੱਖਦਿਆਂ ਉਕਤ ਪਾਣੀ ਪ੍ਰਦੂਸ਼ਿਤ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ ਜਦਕਿ ਪਾਣੀ ਦੇ ਲਗਾਤਾਰ ਪ੍ਰਦੂਸ਼ਿਤ ਹੋਣ ਨਾਲ ਪੰਜਾਬ ਵਿੱਚ ਬਿਮਾਰੀਆਂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਕਿਹਾ ਕਿ 15 ਜੂਨ ਤੋਂ ਸ਼ੁਰੂ ਕੀਤੀ ਜਾਣ ਵਾਲੀ ਪਾਣੀ ਸੰਭਾਲ ਮੁਹਿੰਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਇਸ ਗੰਭੀਰ ਮੁੱਦੇ ਤੇ ਸਰਕਾਰਾਂ ਦਾ ਧਿਆਨ ਦੁਆਇਆ ਜਾਵੇ ਅਤੇ ਪਾਣੀ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਵਾਲੇ ਵਿਸ਼ੇਸ਼ ਕਾਨੂੰਨ ਬਣਵਾ ਕੇ ਲਾਗੂ ਕਰਵਾਏ ਜਾਣ।

ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ 15 ਜੂਨ ਨੂੰ ਸ਼ੁਰੂ ਕੀਤੀ ਜਾ ਰਹੀ ਪਾਣੀ ਦੀ ਸੰਭਾਲ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ ਤਾਂ ਜੋ ਸਰਕਾਰ ਨੂੰ ਉਸਦਾ ਫ਼ਰਜ਼ ਯਾਦ ਦਵਾਇਆ ਜਾ ਸਕੇ। ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੀ ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ, ਆਲ ਇੰਡੀਆ ਸਟੂਡੈਂਟ ਫੈੱਡਰੇਸ਼ਨ (ਲੜਕੀਆਂ) ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ, ਸੂਬਾ ਮੀਤ ਪ੍ਰਧਾਨ ਵਰਿੰਦਰ ਪਾਤੜਾਂ, ਮੀਤ ਸਕੱਤਰ ਸੁਖਦੇਵ ਧਰਮੂਵਾਲਾ ਜਸਪ੍ਰੀਤ ਕੌਰ ਬੱਧਨੀ, ਮਨੀਸ਼ਾ ਮਹੇਸ਼ਰੀ, ਮੰਗਤ ਰਾਏ ਹਰਭਜਨ ਛੱਪੜੀ ਵਾਲਾ ,ਸਤੀਸ਼ ਛੱਪੜੀਵਾਲਾ ਅਤੇ ਗੁਰਜੰਟ ਸਿੰਘ ਪੰਜਾਬੀ ਯੂਨੀਵਰਸਿਟੀ ਵੀ ਹਾਜ਼ਰ ਸਨ।