ਖੇਤੀ ਮਾਹਿਰਾਂ ਵੱਲੋਂ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਫਸਲਾਂ ਦੀ ਹੀ ਬਿਜਾਈ ਕਰਨ ਕਿਸਾਨ- ਖੇਤੀਬਾੜੀ ਅਫਸਰ

Last Updated: Jun 13 2018 18:09

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ੁੱਧ ਹਵਾ, ਪੀਣ ਯੋਗ ਸ਼ੁੱਧ ਪਾਣੀ, ਸਾਫ-ਸੁਥਰਾ ਵਾਤਾਵਰਣ ਅਤੇ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਸਰਹਿੰਦ ਦੇ ਪਿੰਡ ਤਰਖਾਣ ਮਾਜਰਾ, ਖਰੋੜੀ, ਭਮਾਰਸੀ ਜੇਰ, ਭਮਾਰਸੀ ਬੁਲੰਦ, ਭੱਟਮਾਜਰਾ, ਜਲ੍ਹਬੇੜੀ, ਫਾਟਕ ਮਾਜਰੀ, ਕੋਟਲਾ ਸੁਲੇਮਾਨ, ਭੱਟਮਾਜਰਾ ਅਤੇ ਮਾਧੋਪੁਰ ਆਦਿ ਪਿੰਡਾਂ 'ਚ ਕਿਸਾਨ ਜਾਗਰੂਕਤਾ ਸਮਾਰੋਹ ਆਯੋਜਿਤ ਕੀਤੇ ਗਏ।

ਕਿਸਾਨ ਜਾਗਰੂਕਤਾ ਪ੍ਰੋਗਰਾਮ ਦੌਰਾਨ ਖੇਤੀਬਾੜੀ ਵਿਸਥਾਰ ਅਫਸਰ ਪ੍ਰਭੂ ਨਾਥ ਅਤੇ ਬਲਾਕ ਟੈਕਨੌਲੋਜੀ ਮੈਨੇਜਰ ਸੰਜੇ ਕੁਮਾਰ ਨੇ ਕਿਸਾਨਾਂ ਨੂੰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਦੇ ਸੰਕਟ ਨੂੰ ਦੇਖਦੇ ਹੋਏ ਝੋਨੇ ਦੀ ਫਸਲ 20 ਜੂਨ ਤੋਂ ਪਹਿਲਾਂ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਨਾਲ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਇਸ ਲਈ ਪੰਜਾਬ ਸਰਕਾਰ ਦੀ ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਤਹਿਤ ਨਿਸ਼ਚਤ ਸਮੇਂ ਤੇ ਹੀ ਝੋਨੇ ਦੀ ਬਿਜਾਈ ਕੀਤੀ ਜਾਵੇ।

ਉਨ੍ਹਾਂ ਨੇ ਕਿਸਾਨਾਂ ਨੂੰ ਅੱਗੇ ਕਿਹਾ ਕਿ ਝੋਨੇ ਦੀ ਫਸਲ ਵਿੱਚ ਡੀ.ਏ.ਪੀ ਖਾਦ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਲੋੜ ਪੈਣ ਤੇ ਹੀ ਖਾਦਾਂ ਦਾ ਇਸਤੇਮਾਲ ਕੀਤਾ ਜਾਵੇ। ਖਾਦਾਂ ਦੀ ਗੈਰਜ਼ਰੂਰੀ ਕੀਤੀ ਜਾਣ ਵਾਲੀ ਵਰਤੋਂ ਫਸਲਾਂ ਦੇ ਨਾਲ-ਨਾਲ ਮਨੁੱਖੀ ਸਿਹਤ ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਇਨਸਾਨੀ ਸਿਹਤ ਤੇ ਪੈਣ ਵਾਲੇ ਇਸਦੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਡੀ.ਏ.ਪੀ ਖਾਦ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰਦੇ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਵੱਲੋਂ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਫਸਲਾਂ ਸਬੰਧੀ ਕੀਤੀ ਗਈ ਸਿਫਾਰਸ਼ਾਂ ਵਾਲੀਆਂ ਫਸਲਾਂ ਦੀ ਹੀ ਬਿਜਾਈ ਕਰਨ ਨੂੰ ਤਰਜੀਹ ਦੇਣ। ਅਜਿਹਾ ਕਰਨ ਦੇ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੋਵੇਗੀ ਬਲਕਿ ਫਸਲਾਂ ਤੇ ਕੀਟਨਾਸ਼ਕਾਂ, ਸਪਰੇਆਂ ਅਤੇ ਖਾਦਾਂ ਤੇ ਕੀਤੇ ਜਾਣ ਵਾਲ ਖਰਚਿਆਂ ਨੂੰ ਘਟਾਉਣ ਨਾਲ ਉਨ੍ਹਾਂ ਦੀ ਆਰਥਿਕਤਾ 'ਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਦੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਨਾਲ ਨਾ ਸਿਰਫ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਬਲਕਿ ਇਸਦਾ ਧੂੰਆਂ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ।

ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ। ਇਸਦੇ ਨਾਲ ਹੀ ਕਿਹਾ ਕਿ ਕਿਸਾਨ 15 ਜੂਨ ਤੱਕ ਆਪਣੇ-ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਖੇ ਸਬਸਿਡੀ ਤੇ ਲੋੜੀਂਦੀ ਮਸ਼ੀਨਰੀ ਲੈਣ ਲਈ ਅਰਜੀ ਦੇ ਸਕਦੇ ਹਨ। ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਵੀ ਪ੍ਰੇਰਤ ਕੀਤਾ।