ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਪੱਬਾਂ ਭਾਰ

Last Updated: Jun 13 2018 17:43

ਸਿਹਤ ਵਿਭਾਗ ਵੱਲੋਂ ਡੇਂਗੂ ਦੇ ਚਲਦੇ ਲਗਾਤਾਰ ਲੋਕਾਂ ਨਾਲ ਰਾਫਤਾ ਕਾਇਮ ਕਰ ਲੋਕਾਂ ਨੂੰ ਇਸ ਪਾਸੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿਖੇ ਪਿਛਲੇ ਸਾਲ ਜਿਹੇ ਹਾਲਤ ਨਾ ਬਣਨ। ਜ਼ਿਲ੍ਹੇ 'ਚ ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਜੋਕਿ ਲੋਕਾਂ ਦੇ ਘਰਾਂ ਵਿੱਚ ਜਾ ਡੇਂਗੂ ਦੇ ਲਾਰਵੇ ਨੂੰ ਚੈਕ ਕਰ ਰਹੀਆਂ ਹਨ ਅਤੇ ਡੇਂਗੂ ਦਾ ਲਾਰਵਾ ਮਿਲਣ ਤੇ ਉਸਨੂੰ ਨਸ਼ਟ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਮਿਲੇ ਡੇਂਗੂ ਦੇ ਕਰੀਬ 550 ਮਰੀਜ਼ਾਂ ਦੇ ਬਾਅਦ ਇਸ ਸਾਲ ਸਿਹਤ ਵਿਭਾਗ ਨੇ ਸ਼ਹਿਰ ਦੇ 5 ਮੁਹੱਲਿਆਂ ਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।

ਇਸ ਬਾਰੇ ਜਦ ਨਿਊਜ਼ ਨੰਬਰ ਦੀ ਟੀਮ ਨੇ ਸਿਵਲ ਹਸਪਤਾਲ ਦੇ ਐਸ.ਐਮ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਡੇਂਗੂ ਦਾ ਸੀਜ਼ਨ ਵੀ ਆਉਣ ਵਾਲਾ ਹੈ। ਪਿਛਲੇ ਸਾਲ ਡੇਂਗੂ ਦੀ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਜਿਸਦੇ ਚਲਦੇ ਲਾਮੀਨੀ, ਆਨੰਦਪੁਰ ਰੜਾ, ਸੈਲੀ ਕੁਲੀਆਂ, ਭਦਰੋਆ ਅਤੇ ਹੋਰਨਾਂ ਇਲਾਕਿਆਂ ਵਿੱਚੋਂ ਡੇਂਗੂ ਦੇ ਕੁੱਲ 550 ਦੇ ਕਰੀਬ ਮਰੀਜ਼ ਆਏ ਸਨ ਜਿਨ੍ਹਾਂ ਵਿੱਚੋਂ 3 ਦੀ ਮੌਤ ਵੀ ਹੋਈ ਸੀ। ਅਜਿਹੇ ਵਿੱਚ ਸਿਹਤ ਵਿਭਾਗ ਹੁਣ ਤੋਂ ਹੀ ਅਲਰਟ ਤੇ ਹੈ। ਜਿਸਦੇ ਚਲਦੇ ਪਿਛਲੇ ਸਾਲ ਜਿਨ੍ਹਾਂ ਇਲਾਕਿਆਂ 'ਚ ਡੇਂਗੂ ਦਾ ਜ਼ੋਰ ਜ਼ਿਆਦਾ ਵੇਖਣ ਨੂੰ ਮਿਲਿਆ ਸੀ ਉਨ੍ਹਾਂ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਹੀ ਉਸਦਾ ਸਹੀ ਇਲਾਜ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਹਫਤੇ 'ਚ ਘੱਟੋਂ-ਘੱਟ ਇੱਕ ਵਾਰ ਆਪਣੇ ਕੂਲਰ ਅਤੇ ਗਮਲਿਆਂ ਦਾ ਪਾਣੀ ਜ਼ਰੂਰ ਬਦਲਣ ਤਾਂ ਜੋ ਡੇਂਗੂ ਮੱਛਰ ਪੈਦਾ ਨਾ ਹੋ ਸਕੇ।