ਖ਼ਰਗੋਸ਼ ਦਾ ਸ਼ਿਕਾਰ ਕਰਦੇ ਦੋ ਗਿਰਫਤਾਰ, ਦੋ ਫ਼ਰਾਰ

Last Updated: Jun 13 2018 17:36

ਜ਼ਿਲ੍ਹੇ ਦੇ ਪਿੰਡ ਖੂਈਖੇੜਾ 'ਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਦੋ ਜਣਿਆਂ ਨੂੰ ਖ਼ਰਗੋਸ਼ ਦਾ ਸ਼ਿਕਾਰ ਕਰਦੇ ਹੋਏ ਗਿਰਫਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਦੋ ਸਾਥੀ ਭੱਜਣ 'ਚ ਕਾਮਯਾਬ ਹੋ ਗਏ। ਵਿਭਾਗ ਨੇ ਇਨ੍ਹਾਂ ਤੋਂ ਇੱਕ ਮਰਿਆ ਹੋਇਆ ਖ਼ਰਗੋਸ਼, ਇੱਕ ਜਾਲ, ਦੋ ਡਾਂਗਾਂ ਬਰਾਮਦ ਕੀਤੀਆਂ ਹਨ। ਚਾਰਾਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਧਾਰਾ 9, 39, 50, 51, 2 (35), 2 (36) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੇਂਜ ਅਫ਼ਸਰ ਮਲਕੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਬੁੱਧਵਾਰ ਦੁਪਹਿਰ ਉਨ੍ਹਾਂ ਨੂੰ ਖੁਈਖੇੜਾ ਵਾਸੀ ਇੱਕ ਕਿਸਾਨ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਖੇਤ ਦੇ ਨੇੜੇ ਕੁਝ ਸ਼ੱਕੀ ਲੋਕ ਕਿਸੇ ਜਾਨਵਰ ਦਾ ਸ਼ਿਕਾਰ ਕਰਣ ਲਈ ਘੁੰਮ ਰਹੇ ਹਨ। ਜਿਸ 'ਤੇ ਉਹ ਆਪਣੀ ਟੀਮ ਸਣੇ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਵੇਖ ਕੇ ਚਾਰ ਜਣੇ ਭੱਜਣ ਲੱਗੇ।

ਵਿਭਾਗ ਦੀ ਟੀਮ ਨੇ ਉਨ੍ਹਾਂ ਦਾ ਪਿੱਛਾ ਕਰਕੇ ਦੋ ਜਣਿਆਂ ਨੂੰ ਗਿਰਫਤਾਰ ਕਰ ਲਿਆ ਜਦਕਿ ਦੋ ਜਣੇ ਫ਼ਰਾਰ ਹੋ ਗਏ। ਵਿਭਾਗ ਦੀ ਟੀਮ ਨੇ ਇਨ੍ਹਾਂ ਦੇ ਕਬਜੇ 'ਚੋਂ ਦੋ ਜਾਲ, ਦੋ ਵੱਡੀਆਂ ਡਾਂਗਾਂ, ਇੱਕ ਮ੍ਰਿਤ ਜੰਗਲੀ ਖ਼ਰਗੋਸ਼ ਅਤੇ ਇੱਕ ਪਲੈਟਿਨਾ ਮੋਟਰਸਾਈਕਲ ਬਰਾਮਦ ਕੀਤਾ। ਫੜੇ ਗਏ ਮੁਲਜਮਾਂ ਦੀ ਪਹਿਚਾਣ ਜੰਗੀਰ ਪੁੱਤਰ ਭੋਲਾ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੱਛੀ ਰਾਮ ਲਹੌਰੀਆ, ਪਿੰਡ ਸਜਰਾਨਾ ਫ਼ਾਜ਼ਿਲਕਾ ਅਤੇ ਮੌਕੇ ਤੋਂ ਫ਼ਰਾਰ ਹੋਏ ਲੋਕਾਂ ਦੀ ਪਹਿਚਾਣ ਵੀ ਇਸੇ ਪਿੰਡ ਦੇ ਸੁਭਾਸ਼ ਕੁਮਾਰ ਅਤੇ ਰਾਜਪਾਲ ਵੱਜੋਂ ਹੋਈ ਹੈ। ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ 'ਚ ਲਿਆ ਕੇ ਫ਼ਰਾਰ ਇਨ੍ਹਾਂ ਦੇ ਸਾਥੀਆਂ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਅਰੰਭੀ ਗਈ ਹੈ, ਉਨ੍ਹਾਂ ਕਿਹਾ ਕਿ ਜਲਦ ਹੀ ਫ਼ਰਾਰ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।