ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਕੀਤੀ ਮੀਟਿੰਗ

Jatinder Singh
Last Updated: Jun 13 2018 17:41

ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਰਜਿ. ਮੰਡੀ ਗੋਬਿੰਦਗੜ੍ਹ ਵੱਲੋਂ ਸ਼੍ਰੀ ਕ੍ਰਿਸ਼ਨਾ ਮੰਦਰ ਦੇ ਮੈਡੀਕਲ ਹਾਲ 'ਚ ਮਾਸਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਰਿਟਾ. ਜ਼ਿਲ੍ਹੇਦਾਰ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਰਾਜਾ ਰਾਮ ਸਾਬਕਾ ਏ.ਐਸ.ਆਈ ਅਤੇ ਮੈਂਬਰ ਹਰਮਿੰਦਰ ਸਿੰਘ ਭਾਟੀਆ ਦੇ ਪੁੱਤਰ ਦੇ ਅਕਾਲ ਚਲਾਣਾ ਕਰਨ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਆਉਣ ਵਾਲੇ ਸਾਲ 2030 ਤੱਕ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਜਾਵੇਗਾ। ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਉੱਦਮ ਕਰਨਾ ਚਾਹੀਦਾ ਹੈ।

ਆਉਣ ਵਾਲੀਆਂ ਪੀੜੀਆਂ ਦੇ ਲਈ ਪੀਣ ਵਾਲੇ ਪਾਣੀ ਦੀ ਸਾਂਭ ਸੰਭਾਲ ਲਈ ਉਪਰਾਲੇ ਕਰਨੇ ਪੈਣਗੇ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਹਰੇਕ ਵਿਅਕਤੀ ਨੂੰ ਦਰੱਖਤ ਲਗਾਉਣੇ ਚਾਹੀਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਸਬੰਧੀ ਕਿਹਾ ਕਿ ਪ੍ਰਦੇਸ਼ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਕੇ ਲਾਗੂ ਕਰਨ ਸਬੰਧੀ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਸਬੰਧੀ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਪੈਨਸ਼ਨਰਾਂ ਦਾ ਹੋਰ ਇਮਤਿਹਾਨ ਨਾ ਲਵੇ ਅਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਨੂੰ ਤੂਰੰਤ ਲਾਗੂ ਕਰਕੇ ਪੈਨਸ਼ਨਰਾਂ ਨੂੰ ਰਾਹਤ ਪਹੁੰਚਾਈ ਜਾਵੇ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਰਿਟਾ. ਜ਼ਿਲੇਦਾਰ, ਸਕੱਤਰ ਵਿੱਦਿਆ ਸਾਗਰ ਪਰਾਸ਼ਰ, ਉਪ ਪ੍ਰਧਾਨ ਜਤਿੰਦਰ ਸਿੰਘ, ਸਹਾਇਕ ਸਕੱਤਰ ਲਾਲ ਚੰਦ ਸ਼ਰਮਾ, ਖ਼ਜਾਚੀ ਹਰਮੇਸ਼ ਚੰਦ, ਪ੍ਰੈੱਸ ਸਕੱਤਰ ਬੀ.ਆਰ ਵਰਮਾ ਆਦਿ ਤੋਂ ਇਲਾਵਾ ਹੋਰ ਅਹੁੱਦੇਦਾਰ ਅਤੇ ਮੈਂਬਰ ਮੌਜੂਦ ਸਨ।