ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਖੇਤੀ ਖਰਚ ਘਟਾਉਣ ਲਈ ਕੀਤਾ ਪ੍ਰੇਰਿਤ.!!!

Last Updated: Jun 13 2018 17:16

ਖੇਤੀਬਾੜੀ ਵਿਭਾਗ ਮੱਖੂ ਵੱਲੋਂ ਕਿਸਾਨ ਕਲਿਆਣ ਕਾਰਜਸ਼ਾਲਾ ਪਿੰਡ ਰੋਡੇ ਜੱਲੇਵਾਲਾ ਵਿਖੇ ਲਗਾਈ ਗਈ। ਜਿਸ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮੱਦੇਨਜਰ ਡਾਕਟਰ ਬਲਵਿੰਦਰ ਸਿੰਘ ਖੇਤੀਬਾੜੀ ਵਿਭਾਗ ਅਫ਼ਸਰ ਮੱਖੂ ਨੇ ਕਿਸਾਨਾਂ ਨੂੰ ਖੇਤੀ ਖਰਚ ਘਟਾਉਣ ਤੇ ਜੋਰ ਦਿੰਦਿਆਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਡੀਏਪੀ ਖਾਦ ਨਾ ਪਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੋ ਡੀਏਪੀ ਦੀ ਖਾਦ ਕਣਕ ਦੀ ਫ਼ਸਲ ਵਿੱਚ ਪਾਈ ਗਈ ਸੀ, ਉਸ ਵਿੱਚੋਂ ਕਾਫੀ ਮਾਤਰਾ ਵਿੱਚ ਡੀਏਪੀ ਖਾਦ ਬੱਚ ਜਾਂਦੀ ਹੈ ਜੋ ਕਿ ਝੋਨੇ ਦੀ ਫ਼ਸਲ ਨੂੰ ਮਿਲ ਜਾਂਦੀ ਹੈ। 

ਡੀਏਪੀ ਖਾਦ ਜਿਆਦਾ ਵਰਤਣ ਬਾਰੇ ਚੇਤਾਵਨੀ ਦਿੰਦਿਆਂ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਝੋਨੇ ਦੀ ਫ਼ਸਲ ਵਿੱਚ ਜ਼ਿੰਕ ਤੱਤ ਦੀ ਘਾਟ ਆ ਜਾਂਦੀ ਹੈ। ਜਿਸ ਕਰਕੇ ਫ਼ਸਲ ਕਮਜੋਰ ਹੋ ਜਾਂਦੀ ਹੈ ਅਤੇ ਝਾੜ ਘੱਟ ਜਾਂਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਅਤੇ ਜਤਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਲਾਉਣ ਦੀ ਅਪੀਲ ਕੀਤੀ ਤਾਂ ਕਿ ਪਾਣੀ ਦੀ ਵੱਧ ਤੋਂ ਵੱਧ ਬਚਤ ਕੀਤੀ ਜਾ ਸਕੇ। ਇਸ ਕਾਰਜਸ਼ਾਲਾ ਵਿੱਚ ਸਰਪੰਚ ਜਸਬੀਰ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ, ਨੰਬਰਦਾਰ ਸੁੱਚਾ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ, ਪ੍ਰਤਾਪ ਸਿੰਘ ਆਦਿ ਕਿਸਾਨਾਂ ਨੇ ਭਾਗ ਲਿਆ।