'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੇਂਡੂ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਮੀਟਿੰਗ..!

Gurpreet Singh Josan
Last Updated: Jun 13 2018 16:47

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਫ਼ਿਰੋਜ਼ਪੁਰ ਦੀ ਅਗਵਾਈ 'ਚ ਗੁਰਚਰਨ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵੱਲੋਂ ਦਫ਼ਤਰ ਯੁਵਕ ਸੇਵਾਵਾਂ ਫ਼ਿਰੋਜ਼ਪੁਰ ਵਿਖੇ ਵੱਖ-ਵੱਖ ਪੇਂਡੂ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਕਰਨ ਸਿੰਘ ਨੇ ਪੇਂਡੂ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਕਿਹਾ ਕਿ ਲੋਕਾਂ ਨੂੰ ਵਾਤਾਵਰਨ ਦੀ ਸੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ, ਪਿੰਡਾਂ ਦੇ ਲੋਕਾਂ ਨੂੰ ਫ਼ਸਲਾਂ ਅਤੇ ਸਬਜ਼ੀਆਂ ਉਗਾਉਣ ਲਈ ਪੈਸਟੀਸਾਈਡ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਬੱਚਤ ਦੇ ਨਾਲ-ਨਾਲ ਪਾਣੀਆਂ ਨੂੰ ਗੰਧਲੇ ਹੋਣ ਤੋਂ ਬਚਾਉਣ ਬਾਰੇ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾਲ ਵਾਤਾਵਰਨ ਨੂੰ ਕਿਸ ਤਰ੍ਹਾਂ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਏ ਹੋਏ ਨੌਜਵਾਨਾਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ, ਲੋਕ ਭਲਾਈ ਦੇ ਕੰਮ ਕਰਨ ਵਾਲੇ, ਵਾਤਾਵਰਨ ਨੂੰ ਬਚਾਉਣ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੰਮ ਕਰਨ ਵਾਲੇ ਸਰਗਰਮ ਕਲੱਬਾਂ ਨੂੰ ਇੱਕ-ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

ਉਨ੍ਹਾਂ ਕਲੱਬ ਮੈਂਬਰਾਂ ਨੂੰ ਕਿਹਾ ਕਿ ਉਹ ਬਲਾਕ ਵਾਈਜ਼ 11 ਮੈਂਬਰੀ ਕਮੇਟੀ ਬਣਾ ਕੇ ਪੰਜਾਬ ਸਰਕਾਰ ਦੇ ਇਸ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਉਹ ਆਪਣੇ-ਆਪਣੇ ਪਿੰਡ 'ਚ ਬਜ਼ੁਰਗਾਂ ਨੂੰ ਸਵੇਰ ਦੀ ਸੈਰ ਕਰਾਉਣੀ ਵੀ ਯਕੀਨੀ ਬਣਾਉਣ। ਇਸ ਮੌਕੇ ਤਰਨਜੀਤ ਕੌਰ ਸਟੈਨੋ, ਬਲਕਾਰ ਸਿੰਘ, ਅਪਨਦੀਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਲੱਖੋਂ ਕੇ ਬਹਿਰਾਮ, ਵਿਕਰਮਜੀਤ ਸਿੰਘ ਪ੍ਰਧਾਨ ਦਸਮੇਸ਼ ਯੁਵਕ ਸੇਵਾਵਾਂ ਕਲੱਬ ਪੋਜੋ ਕੇ ਉਤਾੜ, ਦੇਸਰਾਜ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਪੋਜੋ ਕੇ ਉਤਾੜ, ਮਲਕੀਤ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਕੋਤਵਾਲ ਅਤੇ ਹੋਰ ਵੀ ਹਾਜ਼ਰ ਸਨ।