ਇਲੈਕਟ੍ਰੀਕਲਸ ਸ਼ੋਅਰੂਮ 'ਚੋਂ ਚੋਰਾਂ ਨੇ ਚੋਰੀ ਕੀਤਾ ਲੱਖਾਂ ਰੁਪਏ ਕੀਮਤ ਦਾ ਇਲੈਕਟ੍ਰਾਨਿਕਸ ਸਮਾਨ

Last Updated: Jun 13 2018 16:59

ਅਣਪਛਾਤੇ ਵਿਅਕਤੀ ਨਜ਼ਦੀਕੀ ਪਿੰਡ ਜੱਸੀਆਂ ਇਲਾਕੇ 'ਚ ਸਥਿਤ ਇਲੈਕਟ੍ਰੀਕਲਸ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਅੰਦਰੋਂ ਲੱਖਾਂ ਰੁਪਏ ਕੀਮਤ ਦੇ ਇਲੈਕਟ੍ਰੀਕਲਸ ਆਈਟਮਾਂ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਸਵੇਰੇ ਦੁਕਾਨ ਖੋਲ੍ਹਣ ਪਹੁੰਚੇ ਸ਼ੋਅਰੂਮ ਮਾਲਕ ਨੇ ਦੁਕਾਨ ਅੰਦਰ ਸਮਾਨ ਖਿੱਲਰਿਆ ਦੇਖਣ ਦੇ ਬਾਅਦ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਹਰਕਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ। ਚੋਰੀ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਫੁਟੇਜ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਜੱਸੀਆਂ ਕੋਲ ਸਥਿਤ ਸਾਗਰ ਇਲੈਕਟ੍ਰੀਕਲਸ ਦੇ ਮਾਲਕ ਨੀਰਜ਼ ਕਾਂਸਲ ਰੋਜਾਨਾ ਦੀ ਤਰ੍ਹਾਂ ਰਾਤ ਕਰੀਬ ਸਵਾ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ। ਅੱਧੀ ਰਾਤ ਦੇ ਸਮੇਂ ਅਣਪਛਾਤੇ ਵਿਅਕਤੀ ਦੁਕਾਨ ਦੇ ਛੱਤ ਵਾਲੇ ਰਸਤੇ ਤੋਂ ਦੁਕਾਨ ਅੰਦਰ ਦਾਖਲ ਹੋਏ ਅਤੇ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸਵੇਰੇ ਦੁਕਾਨ ਖੋਲ੍ਹਣ ਦੇ ਬਾਅਦ ਉਸਨੇ ਅੰਦਰ ਜਾ ਕੇ ਦੇਖਿਆ ਕਿ ਸਮਾਨ ਖਿੱਲਰਿਆ ਪਿਆ ਸੀ। ਦੁਕਾਨ 'ਚ ਚੋਰੀ ਹੋਈ ਦੇਖ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਦੁਕਾਨਦਾਰ ਨੀਰਜ ਕਾਂਸਲ ਦਾ ਕਹਿਣਾ ਹੈ ਕਿ ਜਦੋਂ ਉਸਨੇ ਦੁਕਾਨ ਨੂੰ ਖੋਲ੍ਹਿਆ ਤਾਂ ਅੰਦਰ ਪਹੁੰਚਣ ਦੇ ਬਾਅਦ ਦੇਖਿਆ ਕਿ ਸਮਾਨ ਗ਼ਾਇਬ ਸੀ। ਚੋਰਾਂ ਨੇ ਦੁਕਾਨ 'ਚੋਂ ਐਲਸੀਡੀ, ਲੈਪਟਾਪ, ਮਹਿੰਗੀਆਂ ਬਿਜਲੀ ਦੀਆਂ ਤਾਰਾਂ ਅਤੇ ਗੱਲੇ 'ਚੋਂ ਕਰੀਬ ਪੰਜ ਹਜ਼ਾਰ ਰੁਪਏ ਨਗਦੀ ਅਤੇ ਹੋਰ ਇਲੈਰਟ੍ਰੀਕਲਸ ਆਈਟਮਾਂ ਚੋਰੀ ਕੀਤੀਆਂ ਸਨ। ਚੋਰ ਦੁਕਾਨ ਦੀ ਉੱਪਰੀ ਮੰਜ਼ਿਲ ਤੇ ਲੱਗੇ ਗੇਟ ਨੂੰ ਤੋੜਨ ਦੇ ਬਾਅਦ ਥੱਲੇ ਦੁਕਾਨ 'ਚ ਪਹੁੰਚੇ ਜੋ ਦੁਕਾਨ ਅੰਦਰ ਪਈਆਂ ਬੋਰੀਆਂ ਨੂੰ ਖਾਲੀ ਕਰਨ ਦੇ ਬਾਅਦ ਉਸ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਹੋਰ ਸਮਾਨ ਪਾ ਕੇ ਚੋਰੀ ਕਰ ਲੈ ਗਏ ਹਨ। ਚੋਰੀ ਦੀ ਇਸ ਘਟਨਾ ਦੌਰਾਨ ਉਸਨੂੰ ਕਰੀਬ 5 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।

ਦੂਜੇ ਪਾਸੇ ਜ਼ਿਲ੍ਹਾ ਪੁਲਿਸ ਦਾ ਕਹਿਣਾ ਹੈ ਕਿ ਚੋਰੀ ਬਾਰੇ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਣਕਾਰੀ ਹਾਸਲ ਕੀਤੀ ਗਈ। ਦੁਕਾਨ ਮਾਲਕ ਦੇ ਬਿਆਨ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਕਬਜ਼ੇ 'ਚ ਲੈ ਕੇ ਚੋਰਾਂ ਦਾ ਸੁਰਾਗ ਲਗਾਉਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।