ਕੀ ਸੱਚਮੁੱਚ ਬਾਲ ਮਜ਼ਦੂਰ ਹੁਣ ਹੋ ਜਾਣਗੇ ਆਜ਼ਾਦ..? (ਨਿਊਜ਼ਨੰਬਰ ਖਾਸ ਖਬਰ)

Last Updated: Jun 13 2018 16:31

ਜਿਵੇਂ-ਜਿਵੇਂ ਭਾਰਤ ਦੇਸ਼ ਅੰਦਰ ਗ਼ਰੀਬੀ-ਅਮੀਰੀ ਦਾ ਪਾੜਾ ਵੱਧਦਾ ਜਾ ਰਿਹਾ ਹੈ, ਉਵੇਂ ਹੀ ਬਾਲ ਮਜ਼ਦੂਰੀ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਵੇਖਿਆ ਜਾਵੇ ਤਾਂ ਸਾਡੇ ਦੇਸ਼ ਅੰਦਰ ਲੱਖਾਂ ਦੀ ਗਿਣਤੀ ਵਿੱਚ ਬਾਲ ਹੋਟਲਾਂ, ਢਾਬਿਆਂ ਆਦਿ ਤੇ ਕਈ ਹੋਰ ਤਰ੍ਹਾਂ ਦੀ ਮਜ਼ਦੂਰੀ ਕਰਦੇ ਹਨ। ਦੇਸ਼ ਦਾ ਭਵਿੱਖ ਗੰਦਗੀ ਦੇ ਢੇਰਾਂ ਉੱਪਰ ਰੁਲ ਰਿਹਾ ਹੈ ਅਤੇ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਸੱਤਾ ਦੇ ਨਸ਼ੇ ਵਿੱਚ ਚੂਰ ਅੱਖਾਂ ਮੀਚੀ ਸਭ ਕੁਝ ਵੇਖ ਰਹੀਆਂ ਹਨ। ਦੋਸਤੋਂ, ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਕੁਝ ਸਮੇਂ ਪਹਿਲੋਂ ਬਾਲ ਮਜ਼ਦੂਰੀ ਰੋਕੂ ਐਕਟ ਬਣਾ ਕੇ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਬਾਲ ਮਜ਼ਦੂਰੀ ਨੂੰ ਠੱਲ੍ਹ ਪਾਈ ਜਾ ਸਕੇ, ਪਰ..!! ਸਰਕਾਰ ਦੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਇਸ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ।

ਜਿਸ ਕਰਕੇ ਦੇਸ਼ ਦੇ ਅਨੇਕਾਂ ਬੱਚਿਆਂ ਨੂੰ ਭੁੱਖੇ ਪੇਟ ਦੀ ਅੱਗ ਬੁਝਾਉਣ ਖ਼ਾਤਰ ਹੋਟਲ, ਢਾਬਿਆਂ, ਰੇਲਵੇ ਸਟੇਸ਼ਨਾਂ, ਕਾਰਖ਼ਾਨਿਆਂ ਵਿੱਚ ਭਾਂਡੇ, ਝਾੜੂ ਆਦਿ ਤੋਂ ਇਲਾਵਾ ਪਤਾ ਨਹੀਂ ਹੋਰ ਕੀ-ਕੀ ਕੰਮ ਕਰਨੇ ਪੈ ਰਹੇ ਹਨ? ਇਹ ਬਾਲ ਮਜ਼ਦੂਰੀ ਜਿੱਥੇ ਇੱਕ ਬਹੁਤ ਵੱਡਾ ਸ਼ਰਾਪ ਹੈ, ਉੱਥੇ ਹੀ ਸਾਡੇ ਸੰਵਿਧਾਨਕ ਤੌਰ 'ਤੇ ਇਹ ਕਾਨੂੰਨਨ ਜ਼ੁਰਮ ਵੀ ਹੈ, ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਇਹ ਵਰਤਾਰਾ ਦਿਨ-ਬ-ਦਿਨ ਘੱਟਣ ਦੀ ਬਿਜਾਏ ਵੱਧਦਾ ਹੀ ਜਾ ਰਿਹਾ। ਵੇਖਿਆ ਜਾਵੇ ਤਾਂ ਪਿੱਛੇ ਜਿਹੇ ਸਰਕਾਰ ਵੱਲੋਂ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦਾ ਅਧਿਕਾਰ ਐਕਟ ਲਾਗੂ ਕਰ ਦਿੱਤਾ ਗਿਆ। ਜਿਸ ਤਹਿਤ ਸਕੂਲੀ ਅਧਿਆਪਕਾਂ ਦੀ ਸਖ਼ਤ ਡਿਊਟੀ ਲਗਾ ਕੇ ਸਕੂਲ ਛੱਡ ਚੁੱਕੇ ਜਾਂ ਜੋ ਬੱਚੇ ਕਦੇ ਸਕੂਲ ਆਏ ਹੀ ਨਹੀਂ, ਉਨ੍ਹਾਂ ਨੂੰ ਸਕੂਲ ਲਿਆਉਣ ਲਈ ਆਖਿਆ ਗਿਆ, ਪਰ ਉਕਤ ਬਣਾਏ ਸਿੱਖਿਆ ਐਕਟ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ।

ਬੇਸ਼ੱਕ ਸਕੂਲਾਂ ਅੰਦਰ ਬੱਚਿਆਂ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਗ਼ਰੀਬੀ ਕਾਰਨ ਬਾਲ ਮਜ਼ਦੂਰੀ ਕਰਦੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਸੁਪਨੇ ਸਰਕਾਰੀ ਕਾਗਜ਼ੀ ਫਾਈਲਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਝੁੱਗੀਆਂ ਚੌਂਪੜੀਆਂ ਵਾਲਿਆਂ ਪਰਿਵਾਰਾਂ ਨਾਲ ਸਬੰਧਤ ਬੱਚੇ ਜ਼ਿਆਦਾਤਰ ਬਾਲ ਮਜ਼ਦੂਰੀ ਕਰਦੇ ਹਨ, ਕਿਉਂਕਿ ਪਰਿਵਾਰ ਬੇਹੱਦ ਗ਼ਰੀਬ ਹੋਣ ਕਾਰਨ ਅਤੇ ਕਮਾਈ ਦਾ ਸਾਧਨ ਨਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਨ ਦੀ ਉਮਰੇ ਕਿਸੇ ਹੋਟਲ ਜਾਂ ਢਾਬੇ 'ਤੇ ਕੰਮ ਕਰਨ ਲਈ ਲਾ ਦਿੱਤਾ ਜਾਂਦਾ ਹੈ। ਅੱਤ ਦੀ ਮਹਿੰਗਾਈ ਵਿੱਚ ਜਿੱਥੇ ਇਨ੍ਹਾਂ ਬੱਚਿਆਂ ਨੂੰ ਮਾਮੂਲੀ ਉਜਰਤਾਂ ਦੇ ਕੇ ਕੰਮ ਕਰਵਾ ਕੇ ਸ਼ੋਸ਼ਣ ਕੀਤਾ ਜਾਂਦਾ ਹੈ, ਉੱਥੇ ਹੀ ਸਰਕਾਰਾਂ ਇਸ ਵਰਤਾਰੇ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਹੀਆਂ ਹਨ। ਅੱਜ ਅਨੇਕਾਂ ਬੱਚੇ ਆਪਣਾ ਭਵਿੱਖ ਦਾਅ 'ਤੇ ਲਗਾ ਕੇ ਹੋਟਲਾਂ ਵਿੱਚ 14-14 ਘੰਟੇ ਕੰਮ ਕਰ ਰਹੇ ਹਨ।

ਜਿਸ ਦੇ ਬਦਲੇ ਉਨ੍ਹਾਂ ਨੂੰ ਬਹੁਤ ਹੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਗ਼ਰੀਬੀ ਅਤੇ ਭੁੱਖ ਦੇ ਮਾਰੇ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਬਾਲ ਮਜ਼ਦੂਰੀ ਰਾਹੀਂ ਉਨ੍ਹਾਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈ। ਦੋਸਤੋਂ, ਖਾਸ ਕਰਕੇ ਤੁਹਾਨੂੰ ਇਹ ਦੱਸ ਦੇਈਏ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਕਈ ਬੱਚੇ ਜਿੱਥੇ ਬਾਲ ਮਜ਼ਦੂਰੀ ਕਰ ਰਹੇ ਹਨ, ਉੱਥੇ ਹੀ ਗ਼ਰੀਬੀ ਕਾਰਨ ਉਨ੍ਹਾਂ ਨੂੰ ਕੁਝ ਸਮਗਲਰਾਂ ਵੱਲੋਂ ਨਸ਼ਾ ਤਸਕਰੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਬੀਤੇ ਕਰੀਬ ਦੋ ਮਹੀਨੇ ਪਹਿਲੋਂ ਫ਼ਿਰੋਜ਼ਪੁਰ ਦੀ ਸਦਰ ਪੁਲਿਸ ਵੱਲੋਂ ਇੱਕ 12 ਸਾਲਾਂ ਨੌਜਵਾਨ ਫੜਿਆ ਗਿਆ, ਜਿਸ ਦੇ ਕਬਜ਼ੇ ਵਿੱਚੋਂ ਹੈਰੋਇਨ ਅਤੇ ਹੋਰ ਵੀ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਸੀ। ਪੁਲਿਸ ਵੱਲੋਂ ਜਦੋਂ ਉਕਤ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਕਤ ਨੌਜਵਾਨ ਚੰਡੀਗੜ੍ਹ ਅਤੇ ਦਿੱਲੀ ਹੈਰੋਇਨ ਸਪਲਾਈ ਕਰਦਾ ਸੀ, ਕਿਉਂਕਿ ਉਕਤ 12 ਸਾਲਾਂ ਨੌਜਵਾਨ ਗ਼ਰੀਬ ਪਰਿਵਾਰ ਵਿੱਚੋਂ ਸੀ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹ ਸਮਗਲਿੰਗ ਦਾ ਧੰਦਾ ਕਰ ਰਿਹਾ ਸੀ।

ਸੋ ਦੋਸਤੋਂ, ਪੰਜਾਬ ਅੰਦਰ ਬਾਲ ਮਜ਼ਦੂਰੀ ਧੜੱਲੇ ਨਾਲ ਚੱਲ ਰਹੀ ਹੈ ਅਤੇ ਸਰਕਾਰ ਮੂਕ ਦਰਸ਼ਕ ਬਣੀ ਬੱਚਿਆਂ ਦੀ ਜ਼ਿੰਦਗੀ ਨਾਲ ਹੋ ਰਹੇ ਖਿਲਵਾੜ ਨੂੰ ਵੇਖ ਰਹੀ ਹੈ। ਪੰਜਾਬ ਸਰਕਾਰ ਬਾਲ ਦਿਵਸ ਤਾਂ ਮਨਾ ਲੈਂਦੀ ਹੈ, ਪਰ ਬਾਲ ਦੇ ਸੁਨਹਿਰੀ ਭਵਿੱਖ ਲਈ ਕੋਈ ਕਦਮ ਨਹੀਂ ਚੁੱਕਦੀ। ਬਾਲ ਮਜ਼ਦੂਰੀ ਰੋਕੂ ਐਕਟ ਨੂੰ ਸਖ਼ਤੀ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਬਾਲ ਮਜ਼ਦੂਰਾਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਉਣ ਲਈ ਉਨ੍ਹਾਂ ਦੇ ਪੁਨਰਵਾਸ ਦੀ ਵਿਵਸਥਾ ਲਈ ਸਕੀਮ ਚਲਾਈ ਗਈ। ਪਰ.!! ਪੁਨਰਵਾਸ ਲਈ ਮਾਮੂਲੀ 20 ਹਜ਼ਾਰ ਰੁਪਏ ਦੀ ਰਾਸ਼ੀ ਕਾਰਨ ਬਾਲ ਮਜ਼ਦੂਰੀ ਨੂੰ ਬਹੁਤੀ ਠੱਲ੍ਹ ਨਹੀਂ ਪੈ ਸਕੀ।

ਜਿਸ ਕਾਰਨ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਬੱਚਿਆਂ ਨੂੰ ਇਹ ਰਾਸ਼ੀ ਮਿਲੀ ਸੀ, ਉਹ ਦੋਬਾਰਾ ਫਿਰ ਇਸੇ ਦਲਦਲ ਵਿੱਚ ਫਸ ਗਏ। ਸ਼ਾਇਦ ਕਿਸਮਤ ਨੇ ਇਨ੍ਹਾਂ ਬੱਚਿਆਂ ਦੀਆਂ ਹੱਥਾਂ ਦੀਆਂ ਲਕੀਰਾਂ ਵਿੱਚ ਕਿਤਾਬਾਂ ਦੀ ਥਾਂ ਮਜ਼ਦੂਰੀ ਦੀ ਲਕੀਰ ਬਣਾ ਦਿੱਤੀ ਹੈ। ਸੋ ਦੋਸਤੋਂ, ਇਹ ਮਸਲਾ ਬਹੁਤ ਹੀ ਗੰਭੀਰ ਹੈ। ਇਸ ਵੱਲ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਮਾਸੂਮਾਂ ਦਾ ਭਵਿੱਖ ਖ਼ਤਰੇ ਵਿੱਚ ਜਾਣ ਤੋਂ ਬਚਾਇਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।