Loading the player...

ਖ਼ੂਨ ਦਾਨੀ ਸੰਸਥਾ ਨੇ ਮਲਿਆ ਹਸਪਤਾਲ ਦਾ ਬੂਹਾ, ਲੋਕ ਹੋਏ ਪਰੇਸ਼ਾਨ ( ਨਿਊਜ਼ ਨੰਬਰ ਖ਼ਾਸ ਖ਼ਬਰ )

Last Updated: Jun 12 2018 19:27

ਅਬੋਹਰ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ ਜਿਸ ਨੂੰ ਲੈ ਕੇ ਅੱਜ ਸ਼੍ਰੀ ਬਾਲਾ ਜੀ ਸੇਵਾ ਸੰਘ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਹਸਪਤਾਲ ਬਾਹਰ ਧਰਨਾ ਲਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਸੰਸਥਾ ਨੇ ਰੋਸ ਵਜੋਂ ਹਸਪਤਾਲ ਦੇ ਬਲੱਡ ਬੈਕ ਨੂੰ ਇੱਕ ਬੂੰਦ ਵੀ ਖ਼ੂਨ ਨਹੀਂ ਦੇਣ ਦਾ ਫ਼ੈਸਲਾ ਕਰ ਲਿਆ ਹੈ।

ਅੱਜ ਅਬੋਹਰ ਦੇ ਸਰਕਾਰੀ ਹਸਪਤਾਲ ਬਾਹਰ ਸ਼੍ਰੀ ਬਾਲਾ ਜੀ ਸਮਾਜ ਸੇਵਾ ਸੰਘ ਦੇ ਪ੍ਰਧਾਨ ਗਗਨ ਮਲਹੋਤਰਾ ਦੀ ਅਗਵਾਈ 'ਚ ਸੰਸਥਾ ਦੇ ਕਈ ਦਰਜਨ ਮੈਂਬਰਾਂ ਨੇ ਧਰਨਾ ਲਾ ਦਿੱਤਾ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੈਂਬਰ ਵੀ ਹਜ਼ਾਰ ਸਨ। ਸੰਸਥਾ ਦਾ ਇਲਜ਼ਾਮ ਸੀ ਕਿ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਮਾੜੇ ਵਤੀਰੇ ਵਿਰੁੱਧ ਉਨ੍ਹਾਂ ਨੇ ਧਰਨਾ ਲਾਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰੀ ਹਸਪਤਾਲ ਦੇ ਡਾ. ਯੁਧਿਸ਼ਟਰ ਚੌਧਰੀ ਦੀ ਅਗਵਾਈ ਹੇਠ ਬਲੱਡ ਬੈਂਕ ਦੇ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਸੰਸਥਾ ਨੂੰ ਉਨ੍ਹਾਂ ਦੀ ਕਿਸੇ ਗਲ ਦਾ ਕੋਈ ਗ਼ੁੱਸਾ ਲੱਗਿਆ ਹੈ ਤਾਂ ਉਹ ਉਸ ਦੇ ਲਈ ਮੁਆਫ਼ੀ ਮੰਗਦੇ ਹਨ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ।  

ਇਸ ਮੌਕੇ ਸੰਸਥਾ ਦੇ ਪ੍ਰਧਾਨ ਗਗਨ ਮਲਹੋਤਰਾ ਨੇ ਕਿਹਾ ਕਿ ਇੱਕ ਔਰਤ ਨੂੰ ਖ਼ੂਨ ਦੀ ਲੋੜ ਸੀ ਤਾਂ ਬਲੱਡ ਬੈਕ ਵਾਲਿਆਂ ਨੇ ਔਰਤ ਦੇ ਪਰਿਵਾਰ ਵਾਲੇ ਨੂੰ ਕਿਹਾ ਕਿ ਕੋਈ ਵਿਅਕਤੀ ਲੈ ਕੇ ਆਓ ਜੋ ਖ਼ੂਨ ਦੇ ਸਕਦਾ ਹੋਵੇ, ਇਸ ਵਤੀਰੇ ਨਾਲ ਪੀੜਿਤਾ ਦੇ ਪਰਿਵਾਰ ਨੂੰ ਖੱਜਲ ਖ਼ੁਆਰ ਹੋਣਾ ਪਿਆ। ਉਨ੍ਹਾਂ ਕਿਹਾ ਕਿ 60 ਪਿੰਡਾਂ ਦੇ ਖ਼ੂਨ ਦਾਨੀਆਂ ਵੱਲੋਂ ਹਸਪਤਾਲ 'ਚ ਖ਼ੂਨ ਨਹੀਂ ਦੇਣ ਦਿੱਤਾ ਜਾਵੇਗਾ, ਪਰ ਲੋੜਵੰਦ ਦੀ ਸੇਵਾ ਲਈ ਉਹ ਤਿਆਰ ਹਨ।  

ਹਸਪਤਾਲ ਦੇ ਪੈਰਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨਰਾਇਨਾ ਰਾਮ ਕਹਿੰਦੇ ਹਨ ਕਿ ਹਸਪਤਾਲ 'ਚ ਖ਼ੂਨ ਦਾਨੀ ਜਾਂ ਫਿਰ ਲੋੜਵੰਦ ਨੂੰ ਨਹੀਂ ਰੋਕਿਆ ਜਾਂਦਾ ਹੈ ਅਤੇ ਨਾ ਹੀ ਕਿਸੇ 'ਤੇ ਖ਼ੂਨ ਦਾਨ ਕਰਨ ਲਈ ਕੋਈ ਦਬਾਅ ਪਾਇਆ ਜਾਂਦਾ ਹੈ, ਖ਼ੂਨ ਲੈਣ ਆਉਣ ਵਾਲੇ ਨੂੰ ਕਿਹਾ ਜ਼ਰੂਰ ਜਾਂਦਾ ਹੈ ਕਿ ਜੇਕਰ ਕੋਈ ਦਾਨੀ ਹੈ ਤਾਂ ਲੈ ਕੇ ਆਓ ਤਾਜੋਂ ਬਲੱਡ ਬੈਕ 'ਚ ਖ਼ੂਨ ਦੀ ਕੋਈ ਕਮੀ ਨਾ ਆਵੇ। ਇਸੇ ਗੱਲ ਨੂੰ ਲੈ ਕੇ ਕੋਈ ਨਾਸਮਝੀ ਹੋ ਗਈ 'ਤੇ ਮਾਮਲਾ ਵੱਧ ਗਿਆ।

ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਧਰਨੇ 'ਤੇ ਬੈਠੇ ਸੰਸਥਾ ਦੇ ਮੈਂਬਰਾਂ ਵਿਚਕਾਰ ਜਾ ਕੇ ਮੁਆਫ਼ੀ ਮੰਗੀ, ਪਰ ਜਿਸ ਤਰ੍ਹਾਂ ਨਾਲ ਆਪਣੀ ਗਲ ਰੱਖਣ ਜਾ ਫਿਰ ਆਪਣਾ ਰੋਸ ਪ੍ਰਗਟ ਕਰਨ ਦਾ ਤਰੀਕਾ ਸੰਸਥਾ ਵੱਲੋਂ ਅਪਣਾਇਆ ਗਿਆ ਉਹ ਠੀਕ ਨਹੀਂ ਸੀ, ਸੜਕ ਦੇ ਦੋਹਵੇ ਪਾਸੇ ਮੋਟਰਸਾਈਕਲ ਲਗਾ ਕੇ ਰਾਹ ਬੰਦ ਕਰ ਦਿੱਤਾ ਗਿਆ ਜਿਸ ਨਾਲ ਹਸਪਤਾਲ ਆਉਂਦੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਲਈ ਸਮਾਜ ਸੇਵਾ ਦੀ ਰਾਹ 'ਤੇ ਚੱਲਣ ਵਾਲੀਆਂ ਸੰਸਥਾਵਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਤੁਹਾਡੇ ਕਰਕੇ ਦੂਸਰੇ ਲੋਕਾਂ ਨੂੰ ਤਕਲੀਫ਼ ਅਤੇ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ ਤਾਂ ਅਜਿਹੀ ਸਮਾਜ ਸੇਵਾ ਦਾ ਕਿ ਫ਼ਾਇਦਾ ?