ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਇਆ ਕੱਤਲ ਕੀਤੇ ਜਾਨ ਦਾ ਇਲਜਾਮ

Last Updated: Jun 12 2018 18:23

ਜ਼ਿਲ੍ਹੇ ਦੇ ਪਿੰਡ ਹਰੀਪੁਰਾ ਦੀ ਇੱਕ ਕੱਸੀ 'ਚੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਕੱਸੀ 'ਚੋਂ ਬਾਹਰ ਕੱਢਵਾ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਮੂਲਰੂਪ ਤੋਂ ਰਾਜਸਥਾਨ ਦੇ ਸੀਕਰ ਅਤੇ ਹਾਲ ਆਬਾਦ ਅਬੋਹਰ ਦੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਮ੍ਰਿਤਕ ਨੌਜਵਾਨ ਆਪਣੇ ਜੀਜੇ ਕੋਲ ਕੰਮ ਲਈ ਅਬੋਹਰ ਆਇਆ ਸੀ। ਮ੍ਰਿਤਕ ਦੇ ਪਰਿਵਾਰ ਨੇ ਇੱਕ ਸ਼ਰਾਬ ਵਪਾਰੀ ਦੇ ਕਰਮਚਾਰੀਆਂ 'ਤੇ ਉਸਦੀ ਹੱਤਿਆ ਕਰਣ ਦੇ ਇਲਜ਼ਾਮ ਲਗਾਏ ਹਨ।

ਜਾਣਕਾਰੀ ਮੁਤਾਬਕ ਸੀਕਰ ਦੇ ਪਿੰਡ ਰਸੀਦਪੁਰਾ ਵਾਸੀ 20 ਸਾਲਾਂ ਕਮਲੇਸ਼ ਪੁੱਤਰ ਮੂਲਚੰਦ ਬੀਤੇ ਕੁੱਝ ਮਹੀਨਿਆਂ ਤੋਂ ਆਪਣੇ ਜੀਜੇ ਲੇਖਰਾਮ ਰਿਣਵਾਂ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੇ ਕੋਲ ਰਹਿ ਰਿਹਾ ਸੀ ਅਤੇ 1 ਅਪ੍ਰੈਲ ਤੋਂ ਅਨਾਜ ਮੰਡੀ ਵਿਖੇ ਇੱਕ ਸ਼ਰਾਬ ਦੇ ਠੇਕੇ 'ਤੇ ਸੇਲਜ਼ਮੈਨ ਦਾ ਕੰਮ ਕਰਦਾ ਸੀ। ਲੇਖਰਾਮ ਨੇ ਦੱਸਿਆ ਕਿ 8 ਜੂਨ ਨੂੰ ਕਮਲੇਸ਼ ਕਰੀਬ 11 ਵਜੇ ਘਰੋਂ ਕੰਮ ਲਈ ਨਿਕਲਿਆ ਸੀ ਪਰ ਠੇਕੇ 'ਤੇ ਨਹੀਂ ਅੱਪੜਿਆ। ਦੇਰ ਰਾਤ ਤੱਕ ਜਦ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਉਸਦੇ ਫ਼ੋਨ 'ਤੇ ਸੰਪਰਕ ਕੀਤਾ ਤਾਂ ਫ਼ੋਨ ਬੰਦ ਸੀ, ਜਿਸ ਤੋਂ ਬਾਅਦ ਉਨ੍ਹਾਂ ਉਕਤ ਠੇਕੇ 'ਤੇ ਕੰਮ ਕਰਦੇ ਇੱਕ ਹੋਰ ਕਰਮਚਾਰੀ ਰਾਕੇਸ਼ ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਮਲੇਸ਼ ਤੜਕੇ ਤੋਂ ਠੇਕੇ 'ਤੇ ਆਇਆ ਹੀ ਨਹੀਂ। ਜਿਸ 'ਤੇ ਉਨ੍ਹਾਂ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਆਪਣੇ ਪੱਧਰ 'ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

ਲੇਖਰਾਮ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਮੈਂਬਰਾਂ ਨੇ ਫ਼ੋਨ ਕਰਕੇ ਦੱਸਿਆ ਕਿ ਪਿੰਡ ਹਰਿਪੁਰਾ ਵਿਖੇ ਇੱਕ ਕੱਸੀ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਨ੍ਹਾਂ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਜਾਕੇ ਲਾਸ਼ ਦੀ ਪਹਿਚਾਣ ਕੀਤੀ ਤਾਂ ਉਹ ਕਮਲੇਸ਼ ਦੀ ਹੀ ਸੀ। ਲੇਖਰਾਮ ਨੇ ਦੱਸਿਆ ਕਿ ਕਮਲੇਸ਼ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਜਿਸ 'ਤੇ ਉਨ੍ਹਾਂ ਉਸਦੀ ਹੱਤਿਆ ਦਾ ਸ਼ੱਕ ਜਾਹਰ ਕਰਦਿਆਂ ਪੁਲਿਸ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਣ ਦੀ ਮੰਗ ਕੀਤੀ, ਜਿਸ 'ਤੇ ਮ੍ਰਿਤਕ ਦੇ ਪੋਸਟਮਾਰਟਮ ਲਈ ਇੱਕ ਡਾਕਟਰੀ ਟੀਮ ਦਾ ਗਠਨ ਕੀਤਾ ਗਿਆ। ਨਗਰ ਥਾਣਾ ਦੇ ਸਹਾਇਕ ਸਬ ਇੰਸਪੈਕਟਰ ਰਮੇਸ਼ ਚੰਦਰ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਧਾਰਾ 'ਚ ਵਾਧਾ ਕੀਤਾ ਜਾ ਸਕਦਾ ਹੈ।