...ਤੇ ਇੱਕ ਕਿਤਾਬ ਨੇ ਕਿਸਾਨ ਨੂੰ ਵਾਤਾਵਰਨ ਦੀ ਸੰਭਾਲ 'ਤੇ ਕੁਦਰਤੀ ਖੇਤੀ ਵੱਲ ਤੋਰਿਆ.! (ਨਿਊਜ਼ ਨੰਬਰ ਖ਼ਾਸ ਖ਼ਬਰ)

Last Updated: Jun 12 2018 16:58

ਇੱਕ ਪਾਸੇ ਜਿੱਥੇ ਸੂਬੇ ਦੇ ਕਿਸਾਨਾਂ ਵੱਲੋਂ ਹਰ ਛਮਾਹੀ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਅਗਾਂਹਵਧੂ ਕਿਸਾਨ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੇ ਹਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਕੁਦਰਤੀ ਖੇਤੀ ਵੱਲ ਵੱਧ ਰਹੇ ਹਨ। ਜੀ ਹਾਂ, ਅਜਿਹਾ ਹੀ ਇੱਕ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਧੀਰਾ ਪੱਤਰਾ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਭੁੱਲਰ ਵੀ ਹੈ।

ਜੋ ਜਿੱਥੇ ਗੁਰੂਆਂ ਵੱਲੋਂ ਦਰਸਾਏ ਗਏ ਸ਼ਬਦ ਪਵਨ ਗੁਰੂ ਪਾਣੀ ਪਿਤਾ ਅਤੇ ਪੂਰੀ ਤਰ੍ਹਾਂ ਪਹਿਰਾ ਦੇ ਰਿਹਾ ਹੈ, ਉੱਥੇ ਹੀ ਫ਼ਸਲਾਂ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਵੱਡਾ ਹਮਲਾ ਮਾਰ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ 'ਮਿਸ਼ਨ ਤੰਦਰੁਸਤ ਪੰਜਾਬ' ਦੀ ਲਹਿਰ ਨੂੰ ਪ੍ਰਫੁੱਲਿਤ ਕਰਨ 'ਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਬੂਟਾ ਸਿੰਘ ਭੁੱਲਰ ਦਾ ਪੂਰਾ ਪਰਿਵਾਰ ਇਹ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਕਿੱਤੇ ਵਜੋਂ ਪਾਲਣ ਦਾ ਸ਼ੌਕ ਰੱਖਦਾ ਹੈ।

'ਨਿਊਜ਼ ਨੰਬਰ' ਨਾਲ ਫ਼ੋਨ 'ਤੇ ਕੀਤੀ ਗੱਲਬਾਤ ਦੌਰਾਨ ਕਿਸਾਨ ਬੂਟਾ ਸਿੰਘ ਭੁੱਲਰ ਨੇ ਦੱਸਿਆ ਕਿ ਸਭ ਤੋਂ ਪਹਿਲੋਂ ਤਾਂ ਸਾਨੂੰ ਕੁਦਰਤੀ ਖੇਤੀ ਲਈ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਆਪਣੇ ਆਂਢੀ-ਗੁਆਂਢੀ ਕਿਸਾਨਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੂਟਾ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲੋਂ ਉਨ੍ਹਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅ੍ਰੰਮਿਤਸਰ ਦੁਆਰਾ ਕੁਦਰਤੀ ਖੇਤੀ ਬਾਰੇ ਛਾਪੀ ਗਈ ਕਿਤਾਬ ਪੜ੍ਹ ਕੇ ਕੁਦਰਤੀ ਖੇਤੀ ਵੱਲ ਪਰਤਣ ਦੀ ਚੇਟਕ ਲੱਗੀ। ਇਸ ਉਪਰੰਤ ਉਨ੍ਹਾਂ ਸੰਤ ਨਗਰ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਨਾਮਧਾਰੀ ਪਰਿਵਾਰ ਤੋਂ ਅਸਲੀ ਸਾਹੀਵਾਲ ਦੀਆਂ 2 ਗਾਵਾਂ ਖ਼ਰੀਦੀਆਂ ਅਤੇ ਇਨ੍ਹਾਂ ਦੇ ਪਿਸ਼ਾਬ ਤੇ ਗੋਬਰ ਤੋਂ ਦੇਸੀ ਰਸਾਇਣ ਤਿਆਰ ਕਰਕੇ ਜਿੱਥੇ ਜੈਵਿਕ ਖੇਤੀ ਸ਼ੁਰੂ ਕੀਤੀ, ਉੱਥੇ ਹੀ ਉਸ ਕੋਲ ਹੁਣ ਸਾਹੀਵਾਲ ਨਸਲ ਦੀਆਂ 10 ਗਾਵਾਂ ਅਤੇ 10 ਵੱਛੀਆਂ ਤੇ 3 ਸਾਨ੍ਹ ਹਨ।

ਉਨ੍ਹਾਂ ਦੱਸਿਆ ਕਿ ਮੇਰੇ ਵੱਲ ਵੇਖ ਕੇ ਵੀ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਜਿੱਥੇ ਕਣਕ ਦੇ ਨਾੜ ਤੇ ਝੋਨੇ ਦੇ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰ ਦਿੱਤਾ ਹੈ। ਉੱਥੇ ਹੀ ਉਨ੍ਹਾਂ ਨੇ ਸਾਹੀਵਾਲ ਦੇਸੀ ਨਸਲ ਦੀਆਂ ਗਾਵਾਂ ਰੱਖ ਕੇ ਕੁਦਰਤੀ ਖੇਤੀ ਵੱਲ ਵੀ ਮੂੰਹ ਕੀਤਾ ਹੈ। ਜਿਸ ਵਿੱਚ ਗੰਨਾ, ਸਬਜ਼ੀਆਂ, ਪਸ਼ੂਆਂ ਲਈ ਚਾਰਾ, ਬਾਗ਼ਬਾਨੀ, ਕਣਕ, ਮੂੰਗੀ ਅਤੇ ਝੋਨੇ ਆਦਿ ਦੀ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਬਣਾਈ ਫਾਰਮਰਜ਼ ਹੈਲਪ ਸੁਸਾਇਟੀ ਦੇ ਕਰੀਬ 40 ਮੈਂਬਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਕੁਦਰਤੀ ਤੇ ਜੈਵਿਕ ਖੇਤੀ ਵੱਲ ਮੁੜੇ ਹਨ।

ਬੂਟਾ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸੀ ਨਸਲ ਦੀਆਂ ਪਾਲਣ 'ਚ ਮੁਹਾਰਤ ਹਾਸਲ ਹੋਣ ਮਗਰੋਂ ਸਾਲ 2016 ਵਿਚ ਪੰਜਾਬ ਸਰਕਾਰ ਦੇ ਵਫ਼ਦ ਨਾਲ ਬਰਾਜ਼ੀਲ ਭੇਜਿਆ ਸੀ, ਜਿੱਥੇ ਉਹ ਵੇਖ ਕੇ ਦੰਗ ਰਹਿ ਗਏ ਕਿ ਬਰਾਜ਼ੀਲ ਨੇ ਭਾਰਤ ਦੀਆਂ ਦੇਸੀ ਨਸਲ ਦੀਆਂ ਗਾਵਾਂ ਕਰੀਬ 150 ਸਾਲ ਪਹਿਲਾਂ ਭਾਰਤ ਤੋਂ ਲਿਜਾ ਕੇ ਉਨ੍ਹਾਂ 'ਚ ਇੰਨੇ ਸੁਧਾਰ ਕੀਤੇ ਕਿ ਇਹ ਗਾਵਾਂ 40 ਤੋਂ 70 ਲੀਟਰ ਤੱਕ ਦੁੱਧ ਦੇ ਦਿੰਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੇਸੀ ਨਸਲ ਦੀਆਂ ਗਾਵਾਂ ਦੇ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇੱਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਬੂਟਾ ਸਿੰਘ ਭੁੱਲਰ ਨੂੰ ਸਾਹੀਵਾਲ ਕੈਟਲ ਸੁਸਾਇਟੀ (ਐਸ.ਆਈ.ਸੀ.ਐਸ) ਦਾ ਮਾਲਵਾ ਜ਼ੋਨ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਵੱਲੋਂ ਵੀ (1 ਜੂਨ 2017) ਨੈਸ਼ਨਲ ਗੋਪਾਲ ਰਤਨ ਐਵਾਰਡ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਖੇਤਰ 'ਚ ਕੀਤੇ ਗਏ ਵਿਸ਼ੇਸ਼ ਕਾਰਜਾਂ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਗੈਨਿਕ ਫਾਰਮਰ ਕਲੱਬ ਦਾ ਪ੍ਰਧਾਨ ਵੀ ਬਣਾਇਆ ਗਿਆ ਹੈ, ਜਿਸ ਮਗਰੋਂ ਉਹ ਪੂਰੇ ਰਾਜ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਨ।

ਵਾਤਾਵਰਨ ਦੀ ਸੰਭਾਲ ਲਈ ਮਿਸ਼ਨ ਦੇ ਤੌਰ 'ਤੇ ਕੰਮ ਕਰ ਰਹੇ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਕਿਸਾਨ ਬੂਟਾ ਸਿੰਘ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੁਦਰਤੀ ਖੇਤੀ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਜੋੜਿਆਂ ਜਾਵੇ ਤਾਂ ਜੋ  ਹੋਰ ਲੋਕ ਵੀ ਕੁਦਰਤੀ ਖੇਤੀ ਦੀ ਲਹਿਰ ਨਾਲ ਜੁੜ ਕੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਨੂੰ ਹੋਰ ਸਫਲ ਬਣਾ ਸਕਣ। 

ਸੋ ਦੋਸਤੋ, ਜਿਸ ਤਰ੍ਹਾਂ ਅਗਾਂਹਵਧੂ ਕਿਸਾਨ ਬੂਟਾ ਸਿੰਘ ਵਾਤਾਵਰਨ ਨੂੰ ਬਚਾਉਣ ਲਈ ਅਤੇ ਕੁਦਰਤੀ ਖੇਤੀ ਕਰਨ ਲਈ ਅੱਗੇ ਆ ਰਿਹਾ ਹੈ। ਇਸ ਵੱਲ ਵੇਖ ਕੇ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਅੱਗੇ ਆਉਣ ਚਾਹੀਦਾ ਹੈ ਤਾਂ ਜੋ ਡੁੱਬਦੀ ਕਿਸਾਨੀ ਨੂੰ ਬਚਾਇਆ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਬਚਾਇਆ ਜਾ ਸਕੇ। ਸੋ ਦੋਸਤੋ, ਕਿਸਾਨਾਂ ਨੂੰ ਇਸ ਅਗਾਂਹਵਧੂ ਕਿਸਾਨ ਵੱਲ ਵੇਖ ਕੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅਤੇ ਕੁਦਰਤੀ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।