ਸੈਂਟਰਲ ਲਾਇਬ੍ਰੇਰੀ ਅਤੇ ਮਾੜੇ ਹਾਲਾਤ : (ਭਾਗ ਪਹਿਲਾ) (ਨਿਊਜ਼ਨੰਬਰ ਖ਼ਾਸ ਖ਼ਬਰ)

Kajal Kaushik
Last Updated: Jun 12 2018 16:46

ਸ਼ਾਹੀ ਸ਼ਹਿਰ ਪਟਿਆਲਾ ਦੀ ਮਸ਼ਹੂਰ ਪਟਿਆਲਾ ਸੈਂਟਰਲ ਸਟੇਟ ਲਾਇਬ੍ਰੇਰੀ ਦੀ ਹਾਲਤ ਵੀ ਅੱਜ ਪਟਿਆਲਾ ਦੇ ਬਾਕੀ ਹੋਰ ਇਤਿਹਾਸਕ ਸਥਾਨਾਂ ਵਰਗੀ ਹੋ ਗਈ ਹੈ, ਜਿਸ ਵੱਲ ਜੇਕਰ ਹੁਣ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਹਾਲ ਵੀ ਸ਼ੀਸ਼ ਮਹਿਲ ਅਤੇ ਡੀਅਰ ਪਾਰਕ ਵਰਗਾ ਹੋ ਜਾਵੇਗਾ। ਸ਼ਾਹੀ ਸ਼ਹਿਰ ਜੋ ਕਿ ਪਛਾਣਿਆ ਹੀ ਆਪਣੇ ਇਤਿਹਾਸ ਲਈ ਜਾਂਦਾ ਹੈ ਉਹ ਅੱਜ ਆਪਣੇ ਕਣ-ਕਣ ਨੂੰ ਖ਼ੁਦ ਹੀ ਧੁੰਦਲਾ ਬਣਾਈ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇਤਿਹਾਸ ਜਿਨ੍ਹਾਂ ਪੁਰਾਣਾ ਹੁੰਦਾ ਹੈ, ਉਸ ਦਾ ਅਸਰ ਹੋਰ ਵੀ ਗਹਿਰਾ ਹੋ ਜਾਂਦਾ ਹੈ ਪਰ ਮੁੱਖਮੰਤਰੀ ਦੇ ਸ਼ਹਿਰ ਦਾ ਇਤਿਹਾਸ ਦਿਨੋਂ-ਦਿਨ ਅਣਗਹਿਲੀ ਕਾਰਨ ਮਿੱਟਦਾ ਜਾ ਰਿਹਾ ਹੈ। ਸੈਂਟਰਲ ਸਟੇਟ ਲਾਇਬ੍ਰੇਰੀ ਅੱਜ ਤੋਂ ਸਾਲਾਂ ਪਹਿਲਾਂ 1956 ਵਿੱਚ ਮੁੱਖਮੰਤਰੀ ਪੰਜਾਬ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਸੀ। ਲਾਇਬ੍ਰੇਰੀ ਨੂੰ ਬਣਾਉਣ ਦਾ ਮੁੱਢਲਾ ਮਕਸਦ ਇਹੀ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ ਦੇ ਡੂੰਘੇ ਇਤਿਹਾਸ ਅਤੇ ਹੋਰ ਚੀਜ਼ਾਂ ਨਾਲ ਜੋੜਿਆ ਜਾ ਸਕੇ, ਪਰ ਅੱਜ ਉਹੀ ਲਾਇਬ੍ਰੇਰੀ ਸਮੇਂ ਦੇ ਨਾਲ ਆਪਣੀ ਅਹਿਮੀਅਤ ਨੂੰ ਖੋਹ ਰਹੀ ਹੈ। ਅੱਜ 100 ਚੋਂ ਕੁੱਝ 4 ਜਾਂ 5 ਬੰਦੇ ਹੀ ਹੋਣਗੇ ਜਿਨ੍ਹਾਂ ਨੂੰ ਸੈਂਟਰਲ ਲਾਇਬ੍ਰੇਰੀ ਬਾਰੇ ਪਤਾ ਵੀ ਹੋਵੇਗਾ। ਇਤਿਹਾਸਕਾਰ ਹਰੀਸ਼ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਇਬ੍ਰੇਰੀ ਦੀਆਂ ਦੀਵਾਰਾਂ ਪੇਂਟ ਅਤੇ ਦੇਖ-ਭਾਲ ਦੀ ਕਮੀ ਨਾਲ ਅੰਦਰੋਂ ਕਮਜ਼ੋਰ ਹੋ ਚੁੱਕੀਆਂ ਹਨ। ਹਾਲਾਤ ਇਹੋ ਜਿਹੇ ਹਨ ਕਿ ਜੇਕਰ ਮਾਮੂਲੀ ਹਨ੍ਹੇਰੀ ਵੀ ਆਉਂਦੀ ਹੈ ਤਾਂ ਲਾਇਬ੍ਰੇਰੀ ਦੀਆਂ ਕੰਧਾਂ ਚੋਂ ਮਿੱਟੀ ਡਿੱਗਦੀ ਹੈ। ਇਸ ਦੇ ਨਾਲ ਹੀ ਲਾਇਬ੍ਰੇਰੀ ਦੀ ਇਮਾਰਤ ਦੇ ਬਾਹਰ ਬਣਾਏ ਗਏ ਗਾਰਡਨ ਦੇ ਪੌਦੇ ਦੇਖਭਾਲ ਦੀ ਕਮੀ ਕਾਰਨ ਮੁਰਝਾਏ ਨਜ਼ਰ ਆਉਂਦੇ ਹਨ, ਜੋ ਕਿ ਇੱਕ ਮੁੱਖ ਕਾਰਨ ਹੈ ਕਿ ਸ਼ਹਿਰ ਵਾਸੀ ਇਸ ਗਿਆਨ ਦੀ ਕੋਠੀ ਵੱਲ ਆਕਰਸ਼ਿਤ ਨਹੀਂ ਹੁੰਦੇ। ਇਸ ਤੋਂ ਇਲਾਵਾ ਜੋ ਸਭ ਤੋਂ ਦਿਲਚਸਪ ਗੱਲ ਇੱਥੇ ਸਾਹਮਣੇ ਆਈ ਉਹ ਇਹ ਹੈ ਕਿ ਲਾਇਬ੍ਰੇਰੀ ਨੂੰ ਪੂਰੇ ਸਾਲ ਵਿੱਚ ਪੰਜਾਬ ਸਰਕਾਰ ਵੱਲੋਂ ਸਿਰਫ਼ 18 ਹਜ਼ਾਰ ਰੁਪਏ ਦੀ ਗਰਾਂਟ ਮਿਲਦੀ ਹੈ, ਇਸ ਤੋਂ ਇਲਾਵਾ ਇਸ ਦਾ ਕਰਤਾ-ਧਰਤਾ ਜ਼ਿਲ੍ਹਾ ਪ੍ਰਸ਼ਾਸਨ ਹੈ, ਜੋ ਕਿ ਸ਼ਹਿਰ ਦੇ ਇਸ ਸਭ ਤੋਂ ਪੁਰਾਣੇ ਗਿਆਨ ਦੇ ਮਹਿਲ ਨੂੰ ਭੁਲਾਈ ਬੈਠਾ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।