ਮੁਤਵਾਜੀ ਜੱਥੇਦਾਰਾਂ ਤੇ ਕੈਪਟਨ ਦੀ ਨੇੜਤਾ ਨੇ ਫ਼ਿਕਰਾਂ 'ਚ ਪਾਏ ਅਕਾਲੀ ਬਾਬੇ!! (ਭਾਗ ਪਹਿਲਾ) (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2018 16:25

ਬਰਗਾੜੀ ਵਿੱਚ ਪਹਿਲੀ ਜੂਨ ਤੋਂ ਮੁਤਵਾਜੀ ਜੱਥੇਦਾਰਾਂ ਵੱਲੋਂ ਸਿੱਖ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਮੋਰਚੇ ਅਤੇ ਜੱਥੇਦਾਰਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਗੁਪਤ ਅਤੇ ਐਲਾਨੀਆ ਗੱਲਬਾਤ ਨੇ ਅਕਾਲੀ ਬਾਬਿਆਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਕੱਲ ਨੂੰ ਕੀ ਹੋਣਾ ਹੈ, ਉਸਦਾ ਤਾਂ ਪਤਾ ਨਹੀਂ, ਲੇਕਿਨ ਕੈਪਟਨ ਅਤੇ ਮੁਤਵਾਜੀ ਜੱਥੇਦਾਰਾਂ ਦਰਮਿਆਨ ਵਧ ਰਹੀ ਨੇੜਤਾ ਨੇ ਖ਼ਾਸ ਕਰਕੇ ਬਾਦਲ ਪਰਿਵਾਰ ਨੂੰ ਚਿੰਤਤ ਜ਼ਰੂਰ ਕਰਕੇ ਰੱਖ ਦਿੱਤਾ ਹੈ। 

ਬਰਗਾੜੀ ਵਿਖੇ ਚੱਲ ਰਹੇ ਇਸ ਮੋਰਚੇ ਨੇ ਸਿੱਖ ਸਿਆਸਤ 'ਚ ਨਵੀਆਂ ਸਫ਼ਬੰਦੀਆਂ ਤੇ ਸਰਗਰਮੀ ਦਾ ਰਾਹ ਖੋਲ੍ਹ ਕੇ ਰੱਖ ਦਿੱਤਾ ਹੈ। ਬਰਗਾੜੀ ਧਰਨੇ 'ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆ ਅਤੇ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਇਸ ਸਭ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗਰਮਖ਼ਿਆਲੀ ਜੱਥੇਦਾਰਾਂ ਨਾਲ ਹੋਈਆਂ ਮੀਟਿੰਗਾਂ ਦੇ ਦੌਰਾਨ ਸਿੱਖ ਬੰਦੀਆਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਗਾੜੀ ਕਾਂਡ ਨੂੰ ਹੱਲ ਕਰਨ ਦਾ ਵਾਅਦਾ ਕਰ ਦਿੱਤਾ ਹੈ। 

ਅਗਰ ਮੁੱਖ ਮੰਤਰੀ ਦੇ ਦਫ਼ਤਰੀ ਸੂਤਰਾਂ ਦੀ ਮੰਨੀਏ ਤਾਂ, ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇਮੰਦ ਸਮਝੇ ਜਾਂਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਕਾਇਦਾ ਤੌਰ ਤੇ ਬਰਗਾੜੀ ਪੁੱਜ ਕੇ ਇਸ ਮੀਟਿੰਗ ਦਾ ਰਸਤਾ ਸਾਫ਼ ਕੀਤਾ ਸੀ। ਸੂਤਰ ਦੱਸਦੇ ਹਨ ਕਿ, ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਲ ਬਾਜਵਾ ਤੇ ਏ.ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਜਦਕਿ ਸਿੱਖ ਸੰਗਠਨਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਜਵਾਹਰਕੇ, ਬੂਟਾ ਸਿੰਘ ਰਣਸੀਂਹ ਤੇ ਪਰਮਜੀਤ ਸਿੰਘ ਮੋਹਾਲੀ ਸ਼ਾਮਲ ਸਨ। 

ਸੂਤਰਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ, ਇਸ ਮੀਟਿੰਗ ਵਿੱਚ ਗਰਮਖ਼ਿਆਲੀ ਸਿੱਖਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ, ਬਰਗਾੜੀ ਕਾਂਡ ਦੀ ਅਸਲੀਅਤ ਅਤੇ ਹਕੀਕਤ ਬਾਰੇ ਪੁਲਿਸ ਅਧਿਕਾਰੀ ਭਲੀ ਭਾਂਤੀ ਜਾਣੂ ਹੈ, ਲੇਕਿਨ ਬਾਵਜੂਦ ਪੁਲਿਸ ਅਜੇ ਤੱਕ ਖ਼ਾਮੋਸ਼ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਉਹ ਚੋਣਾਂ ਸਮੇਂ ਖੁਦ ਬਹਿਬਲ ਕਲਾਂ ਦੇ ਦੋਸ਼ੀਆਂ ਦੇ ਨਾਮ ਲੈਂਦੇ ਵੀ ਰਹੇ ਹਨ ਤੇ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੇ ਵਾਅਦੇ ਵੀ ਕਰਦੇ ਰਹੇ ਹਨ। 

ਸੂਤਰ ਦੱਸਦੇ ਹਨ ਕਿ, ਮੀਟਿੰਗ ਦੇ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋੜ ਵਿੱਚ ਹੋਏ ਬੰਬ ਧਮਾਕੇ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਪੈੜ ਸਿਰਸਾ ਡੇਰੇ 'ਚ ਜਾਣ ਬਾਰੇ ਪੁਲਿਸ ਟੀਮ ਕੋਲ ਸਮੁੱਚੇ ਸਬੂਤਾਂ ਦੇ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਖ਼ਾਮੋਸ਼ੀ ਚਰਚਾ ਦਾ ਵਿਸ਼ਾ ਬਣੀ। ਕਹਿੰਦੇ ਹਨ ਕਿ, ਮੀਟਿੰਗ ਦੇ ਦੌਰਾਨ ਜੱਥੇਦਾਰਾਂ ਨੇ ਕੈਪਟਨ ਨੂੰ ਕਾਫ਼ੀ ਖ਼ਰੀਆਂ ਖੋਟੀਆਂ ਸੁਣਾਈਆਂ, ਸ਼ਰੇਆਮ ਪੁਲਿਸ ਅਤੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਉਂਗਲਾਂ ਚੁੱਕੀਆਂ, ਜਿਸਦੇ ਚਲਦਿਆਂ ਮੁੱਖ ਮੰਤਰੀ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਵੀ ਕਈਆਂ ਨੇ ਸ਼ਰੇਆਮ ਪੜ੍ਹੀਆਂ।    
                 
ਸੂਤਰ ਦੱਸਦੇ ਹਨ ਕਿ, ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਚੱਲੀ ਤਾਂ ਏ.ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਕੈਦੀ ਪੰਜਾਬ ਵਿੱਚ ਲਿਆਉਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲ ਕਰਨੀ ਪਵੇਗੀ, ਵਫ਼ਦ ਨੇ ਇਸ ਗੱਲ ਦਾ ਬੜੇ ਕਰੜੇ ਰੂਪ 'ਚ ਜਵਾਬ ਦਿੱਤਾ ਤੇ ਕਿਹਾ ਕਿ, ਜੇਕਰ ਸਰਕਾਰ, ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਕੈਦੀਆਂ ਦੀ ਜੇਲ੍ਹ ਬਦਲੀ ਵੀ ਨਹੀਂ ਕਰਵਾ ਸਕਦੀ ਤਾਂ ਫਿਰ ਸਾਨੂੰ ਗੱਲਬਾਤ ਲਈ ਸੱਦਣ ਦੀ ਕੀ ਲੋੜ ਸੀ। 

ਭਾਵੇਂ ਕਿ, ਅਧਿਕਾਰਿਤ ਤੌਰ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ, ਲੇਕਿਨ ਅਸੀਂ ਤੁਹਾਨੂੰ ਸੂਤਰਾਂ ਦੇ ਹਵਾਲੇ ਨਾਲ ਦੱਸ ਦੇਣਾ ਚਾਹੁੰਦੇ ਹਾਂ ਕਿ, ਮੁੱਖ ਮੰਤਰੀ ਭਰੋਸਾ ਦੇ ਕੇ ਮੁਤਵਾਜੀ ਜੱਥੇਦਾਰਾਂ ਦਾ ਧਰਨਾ ਸਮਾਪਤ ਕਰਵਾਉਣਾ ਚਾਹੁੰਦੇ ਹਨ, ਪਰ ਵਫ਼ਦ ਨੇ ਠੋਸ ਕਾਰਵਾਈ ਬਗੈਰ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਦੂਜੇ ਪਾਸੇ ਜੱਥੇਦਾਰਾਂ ਦੇ ਦਬਾਅ 'ਚ ਆਈ ਸਰਕਾਰ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਗਠਿਤ ਕੀਤੀ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਮੁੜ ਤੋਂ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ।...(ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।