ਸੜਕ ਕਿਨਾਰੇ ਤੋਂ ਮਿਲੀ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼, ਜਾਂਚ ਸ਼ੁਰੂ

Last Updated: Jun 05 2018 13:17

ਸਥਾਨਕ ਜੀ.ਟੀ ਰੋਡ ਸਥਿਤ ਨਜ਼ਦੀਕੀ ਪਿੰਡ ਭਾਦਲਾ ਕੋਲ ਧਰਮ ਕੰਢੇ ਦੇ ਨੇੜੇ ਸੜਕ ਕਿਨਾਰੇ ਤੋਂ ਇੱਕ ਪ੍ਰਵਾਸੀ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਣ ਦੇ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਭਾਦਲਾ ਕੋਲ ਸਥਿਤ ਇੱਕ ਧਰਮ ਕੰਢੇ ਨਜ਼ਦੀਕ ਇੱਕ ਵਿਅਕਤੀ ਬੇਸੁੱਧ ਹਾਲਤ 'ਚ ਪਏ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਡਾਇਲ 108 ਐਂਬੂਲੈਂਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰ ਲਾਸ਼ ਮਿਲਣ ਵਾਲਾ ਇਲਾਕਾ ਪੁਲਿਸ ਥਾਣਾ ਸਦਰ ਖੰਨਾ ਦਾ ਹੋਣ ਤੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਦੇ ਬਾਅਦ ਸਦਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਖੰਨਾ ਪਹੁੰਚਾਇਆ। ਮ੍ਰਿਤਕ ਦੇ ਸਰੀਰ ਤੇ ਕਿਸੇ ਪ੍ਰਕਾਰ ਦੀ ਕੋਈ ਸੱਟ ਦੇ ਨਿਸ਼ਾਨ ਨਹੀਂ ਪਾਏ ਗਏ ਹਨ।

ਮਾਮਲੇ ਦੀ ਜਾਂਚ ਕਰ ਏਐਸਆਈ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸਿਰ ਤੋਂ ਮੋਨੇ ਕਰੀਬ 50 ਤੋਂ 55 ਸਾਲ ਦਰਮਿਆਨ ਉਮਰ ਦੇ ਜਾਪਦੇ ਪ੍ਰਵਾਸੀ ਮ੍ਰਿਤਕ ਦੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਹਰੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਮ੍ਰਿਤਕ ਦੇ ਪਹਿਨੇ ਕੱਪੜਿਆਂ ਚੋਂ ਉਸਦੀ ਸ਼ਨਾਖ਼ਤ ਸਬੰਧੀ ਕੋਈ ਦਸਤਾਵੇਜ਼ ਵਗੈਰਾ ਨਾ ਮਿਲਣ ਕਾਰਨ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗਾ। ਇਸ ਮਾਮਲੇ ਸਬੰਧੀ ਸ਼ੁਰੂਆਤੀ ਤੌਰ ਤੇ ਸੀਪੀਆਰਸੀ ਦੀ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ ਹਸਪਤਾਲ ਦੇ ਡੈੱਡਹਾਊਸ 'ਚ ਰਖਵਾ ਦਿੱਤਾ ਗਿਆ ਹੈ।