ਕਿਸਾਨਾਂ ਤੋਂ ਬਾਅਦ ਵਪਾਰੀ ਵੀ ਕਰਨ ਲੱਗੇ ਆਤਮਹਤਿਆਵਾਂ : ਵਪਾਰ 'ਚ ਪਿਆ ਸੀ ਘਾਟਾ, ਨਿਗਲਿਆ ਜ਼ਹਿਰ, ਮੌਤ

Last Updated: Jun 03 2018 14:49

ਇੰਝ ਜਾਪਦਾ ਹੈ ਕਿ ਖੇਤੀ 'ਚ ਪਏ ਘਾਟੇ ਤੋਂ ਬਾਅਦ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਦੇ ਰੁਝਾਨਾਂ ਨੇ ਹੁਣ ਆਪਣਾ ਰੁੱਖ ਵਪਾਰੀਆਂ ਵੱਲ ਨੂੰ ਕਰ ਲਿਆ ਹੈ। ਹੁਣ ਵਪਾਰ 'ਚ ਪਏ ਘਾਟੇ ਤੋਂ ਬਾਅਦ ਵਪਾਰੀਆਂ ਨੇ ਵੀ ਮੌਤ ਨੂੰ ਗਲੇ ਲਗਾਉਣ ਵਾਲਾ ਕਿਸਾਨਾਂ ਦਾ ਰਾਹ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹੋ ਜਿਹੀ ਇੱਕ ਘਟਨਾ ਪਟਿਆਲਾ ਦੇ ਖਾਲਸਾ ਮੁਹੱਲਾ ਵਿਖੇ ਵੀ ਵਾਪਰੀ ਜਿੱਥੋਂ ਦਾ ਵਸਨੀਕ ਇੱਕ ਵਪਾਰੀ ਆਪਣੇ ਵਪਾਰ ਵਿੱਚ ਪਿਆ ਘਾਟਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਕੋਈ ਜਹਿਰੀਲੀ ਚੀਜ਼ ਨਿਗਲ ਨੇ ਸਾਰੇ ਦੁਨਿਆਵੀ ਕਰਜਿਆਂ ਅਤੇ ਝਮੇਲਿਆਂ ਤੋਂ ਛੁਟਕਾਰਾ ਪਾ ਲਿਆ। ਇਸ ਬਾਰੇ ਵਿੱਚ ਜਾਣਕਾਰੀ ਦਿੰਦਿਆਂ 40 ਸਾਲਾਂ ਮ੍ਰਿਤਕ ਵਪਾਰੀ ਦਿਨੇਸ਼ ਸਹਿਗਲ ਦੇ ਚਚੇਰੇ ਭਰਾ ਕਰਨ ਨੇ ਦੱਸਿਆ ਕਿ ਦਿਨੇਸ਼ ਨੂੰ ਬੀਤੇ ਦਿਨੀਂ ਆਪਣੇ ਵਪਾਰ ਵਿੱਚ ਬੜਾ ਘਾਟਾ ਪੈ ਗਿਆ ਸੀ। ਜਿਸ ਕਾਰਨ ਉਹ ਦਿਨ ਰਾਤ ਪਰੇਸ਼ਾਨ ਰਹਿੰਦਾ ਸੀ, ਤੇ ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਕੋਈ ਜਹਿਰੀਲੀ ਚੀਜ ਨਿਗਲ ਲਈ। ਜਿਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਕਰਨ ਅਨੁਸਾਰ ਫ਼ੋਨ 'ਤੇ ਇਸ ਬਾਰੇ ਪਤਾ ਲੱਗਣ ਤੇ ਜਦੋਂ ਤੱਕ ਉਹ ਹਸਪਤਾਲ ਪਹੁੰਚਦਾ ਉਦੋਂ ਤੱਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਇਸ ਮਾਮਲੇ ਸਬੰਧੀ ਆਪਣੀ ਕਾਰਵਾਈ ਅਰੰਭਦਿਆਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਹਨ।