ਨਹਿਰ 'ਚ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ 9 ਦਿਨਾਂ ਬਾਅਦ ਮਿਲੀ ਲਾਸ਼

Last Updated: Jun 01 2018 14:45

ਕਰੀਬ ਦੱਸ ਦਿਨ ਪਹਿਲਾਂ ਆਪਣੇ ਘਰ ਤੋਂ ਗਾਇਬ ਹੋਏ ਨੌਜਵਾਨ ਦੀ ਦੋਰਾਹਾ ਨਜ਼ਦੀਕ ਸਰਹਿੰਦ ਨਹਿਰ ਦੇ ਗੁਰਥਲੀ ਪੁਲ ਕੋਲੋਂ ਪੁਲਿਸ ਨੂੰ ਨਹਿਰ ਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ ਹੈਪੀ (36) ਵਾਸੀ ਦੋਰਾਹਾ ਦੇ ਤੌਰ ਤੇ ਹੋਈ ਹੈ। ਨੌਜਵਾਨ ਵੱਲੋਂ ਮਾਨਸਿਕ ਪਰੇਸ਼ਾਨੀ ਕਾਰਨ ਨਹਿਰ 'ਚ ਛਾਲ ਮਾਰਕੇ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਪਤਾ ਲੱਗਿਆ ਹੈ। ਨਹਿਰ ਚੋਂ ਲਾਸ਼ ਬਰਾਮਦ ਹੋਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਕਰੀਬ ਬੀਤੀ 22 ਮਈ ਨੂੰ ਹਰਜਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਹਿਰ ਜਾਣ ਸਬੰਧੀ ਕਹਿ ਕੇ ਆਪਣਾ ਸਾਈਕਲ ਲੈ ਕੇ ਘਰੋਂ ਚਲਾ ਗਿਆ ਸੀ। ਦੇਰ ਸ਼ਾਮ ਤੱਕ ਵਾਪਸ ਘਰ ਨਾ ਪਹੁੰਚਣ ਤੇ ਉਸਦੇ ਪਿਤਾ ਅਤੇ ਪਰਿਵਾਰ ਵਾਲਿਆਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ। ਜਿਸਦੇ ਬਾਅਦ ਉਕਤ ਨੌਜਵਾਨ ਦੇ ਪਿਤਾ ਜੀਵਨ ਸਿੰਘ ਨੇ ਪੁਲਿਸ ਥਾਣਾ ਦੋਰਾਹਾ 'ਚ ਆਪਣੇ ਲੜਕੇ ਦੇ ਗਾਇਬ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਬਾਅਦ 'ਚ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਹਿਰ ਕਿਨਾਰੇ ਤੋਂ ਸਾਈਕਲ ਮਿਲਿਆ ਸੀ। ਜਿਸਦੇ ਬਾਅਦ ਤੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਹਰਜਿੰਦਰ ਸਿੰਘ ਨੇ ਨਹਿਰ 'ਚ ਛਾਲ ਮਾਰਕੇ ਖ਼ੁਦਕੁਸ਼ੀ ਕੀਤੀ ਹੈ। ਇਸਦੇ ਬਾਅਦ ਤੋਂ ਪਰਿਵਾਰਕ ਮੈਂਬਰ ਅਤੇ ਪੁਲਿਸ ਮੁਲਾਜ਼ਮ ਨਹਿਰ 'ਚ ਉਸਦੀ ਤਲਾਸ਼ ਕਰ ਰਹੇ ਸਨ।

ਜਾਣਕਾਰੀ ਮੁਤਾਬਕ ਦੋਰਾਹਾ ਸ਼ਹਿਰ ਕੋਲੋਂ ਲੰਘਦੀ ਸਰਹਿੰਦ ਨਹਿਰ ਦੇ ਪਿੰਡ ਗੁਰਥਲੀ ਪੁਲ ਕੋਲ ਰਾਹਗੀਰਾਂ ਨੇ ਨਹਿਰ 'ਚ ਇੱਕ ਵਿਅਕਤੀ ਦੀ ਲਾਸ਼ ਤੈਰਦੀ ਦੇਖਕੇ ਦੋਰਾਹਾ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਬਾਅਦ ਪੁਲਿਸ ਮੁਲਾਜਮਾਂ ਨੇ ਮੌਕੇ ਤੇ ਪਹੁੰਚਕੇ ਗੋਤਾਖੋਰਾਂ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕਢਵਾਇਆ ਅਤੇ ਜਾਂਚ ਕਰਨ ਬਾਅਦ ਮ੍ਰਿਤਕ ਦੀ ਪਹਿਚਾਣ ਦੋਰਾਹਾ ਸ਼ਹਿਰ ਤੋਂ ਗਾਇਬ ਹੋਏ ਹਰਜਿੰਦਰ ਸਿੰਘ ਵਜੋਂ ਹੋਈ।

ਮਾਮਲੇ ਦੀ ਤਫ਼ਤੀਸ਼ ਕਰ ਰਹੇ ਜਾਂਚ ਅਧਿਕਾਰੀ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਜੀਵਨ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸਦਾ ਨੌਜਵਾਨ ਲੜਕਾ ਹਾਲੇ ਕੁਆਰਾ ਸੀ ਅਤੇ ਜਿਸਦੇ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ। ਇਸੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਉਸਨੇ ਨਹਿਰ 'ਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਹੈ।