ਭਾਖੜਾ ਵਿੱਚ ਡੁੱਬੇ ਉਰਦੂ ਅਧਿਆਪਕ ਦੀ ਲਾਸ਼ ਰਤੀਆ ਨੇੜਿਓਂ ਮਿਲੀ

Last Updated: May 30 2018 12:52

ਬੀਤੀ 24 ਮਈ ਨੂੰ ਰਬੜ ਦੀ ਟਿਊਬ ਦੇ ਸਹਾਰੇ ਭਾਖੜਾ ਨਹਿਰ ਵਿੱਚ ਨਹਾਉਣ ਗਏ ਉਰਦੂ ਦੇ ਜਿਸ ਅਧਿਆਪਕ ਤਾਰੀਕ ਇਸਲਾਮ ਦੀ ਦੇਹ ਪਾਣੀ ਵਿੱਚ ਗੁਆਚ ਗਈ ਸੀ ਉਸਨੂੰ ਗੋਤਖੋਰਾਂ ਦੀ ਮਦਦ ਨਾਲ ਰਤੀਆ ਅਤੇ ਰਾਜਸਥਾਨ ਕੋਲੋਂ ਬਰਾਮਦ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਥਾਣਾ ਪੱਸਿਆਣਾ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਤਾਰੀਕ ਇਸਲਾਮ ਦੀ ਲਾਸ਼ ਦੀ ਉਸਦੇ ਪਰਿਵਾਰ ਵਿੱਚੋਂ ਉਸਦੇ ਚਾਚਾ ਮੁਹੰਮਦ ਇਰਾਸ ਵੱਲੋਂ ਸ਼ਨਾਖ਼ਤ ਕਰ ਲਈ ਗਈ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਅਮਰੀਕ ਸਿੰਘ ਅਨੁਸਾਰ ਪੁਲਿਸ ਨੇ ਮੁਹੰਮਦ ਰਾਈਸ ਦੇ ਬਿਆਨ ਦਰਜ ਕਰ ਲਏ ਹਨ ਜਿਨ੍ਹਾਂ ਦੇ ਅਧਾਰ ਤੇ ਅਗਲੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਟਿਆਲਾ ਦੇ ਬਿਸ਼ਨ ਨਗਰ ਵਿੱਚ ਸਥਿਤ ਮਸਜਿਦ ਅੰਦਰ ਬੱਚਿਆਂ ਨੂੰ ਉਰਦੂ ਪੜ੍ਹਾਉਂਦਾ 23 ਸਾਲਾਂ ਨੌਜਵਾਨ ਤਾਰੀਕ ਇਸਲਾਮ ਤੈਰਨਾ ਨਾ ਜਾਨਣ ਦੇ ਬਾਵਜੂਦ ਆਪਣੇ ਦੋਸਤਾਂ ਨਾਲ ਪਟਿਆਲਾ ਦੇ ਸੰਗਰੂਰ ਰੋਡ ਤੇ ਬਣੇ ਪਸਿਆਣਾ ਥਾਣਾ ਦੇ ਕਰੀਬ ਭਾਖੜਾ ਨਹਿਰ ਵਿੱਚ ਨਹਾਉਣ ਗਿਆ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਇਹਤਿਆਤ ਦੇ ਤੌਰ ਤੇ ਰਬੜ ਦੀ ਟਿਊਬ ਪਕੜ ਕੇ ਪਾਣੀ ਵਿੱਚ ਉੱਤਰੇ ਤਾਰੀਕ ਇਸਲਾਮ ਦਾ ਹੱਥ ਅਚਾਨਕ ਟਿਊਬ ਤੋਂ ਛੁੱਟ ਜਾਣ ਕਰਨ ਉਹ ਪਾਣੀ ਵਿੱਚ ਲਾਪਤਾ ਹੋ ਗਿਆ, ਜਿਸ ਦੀ ਲਾਸ਼ ਹੁਣ ਮਿਲੀ ਹੈ।