ਵਿਆਹ ਲਈ ਜ਼ਿੱਦ ਕਰਨ ਲਈ ਦਿੱਤਾ ਸੀ ਧੱਕਾ, ਅੱਜ ਦਿੱਤੀ ਗਈ ਆਖ਼ਰੀ ਵਿਦਾਈ

Last Updated: May 24 2018 15:13
Reading time: 0 mins, 52 secs

7 ਦਿਨ ਪਹਿਲਾਂ ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਯੁਵਕ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ, ਜਿਸਦੇ ਅਨੁਸਾਰ ਯੁਵਕ ਨੇ ਆਪਣੀ ਹੀ ਭੈਣ ਨੂੰ ਸਿਰਫ਼ ਇਸ ਲਈ ਭਾਖੜਾ 'ਚ ਧੱਕਾ ਦੇ ਦਿੱਤਾ ਸੀ ਕਿਉਂਕਿ ਉਸਦੀ ਭੈਣ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਬੀਤੀ ਰਾਤ ਭਾਖੜਾ ਨਦੀ ਵਿੱਚੋਂ ਯੁਵਤੀ ਦੀ ਲਾਸ਼ ਮਿਲੀ, ਜਿਸਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸਦੇ ਸਰੀਰ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਮ੍ਰਿਤਕਾ ਨੂੰ ਅੱਜ ਆਖ਼ਰੀ ਵਿਦਾਈ ਦੇ ਦਿੱਤੀ ਗਈ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਰੋਹਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਉਮੀਦ ਸੀ ਕਿ ਮ੍ਰਿਤਕਾ ਪ੍ਰੀਤੀ ਦੀ ਅੰਤਿਮ ਯਾਤਰਾ ਵਿੱਚ ਭਾਗ ਲੈਣ ਲਈ ਉਸਦਾ ਮੁਲਜ਼ਮ ਭਰਾ ਬਹਾਦਰ ਸਿੰਘ ਜ਼ਰੂਰ ਆਵੇਗਾ ਪਰ ਮੁਲਜ਼ਮ ਕਿਤੇ ਹੀ ਨਹੀਂ ਮਿਲਿਆ। ਪੁਲਿਸ ਅਨੁਸਾਰ ਮੁਲਜ਼ਮ ਦੀ ਤਲਾਸ਼ ਲਗਾਤਾਰ ਜਾਰੀ ਹੈ ਅਤੇ ਬਹੁਤ ਛੇਤੀ ਬਹਾਦਰ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕਾ ਪ੍ਰੀਤੀ 19 ਸਾਲਾਂ ਦੀ ਸੀ ਅਤੇ ਉਹ ਲਵ ਮੈਰਿਜ ਕਰਵਾਉਣਾ ਚਾਹੁੰਦੀ ਸੀ। ਇਹ ਗੱਲ ਪ੍ਰੀਤੀ ਦੇ ਭਰਾ ਨੂੰ ਹਜ਼ਮ ਨਹੀਂ ਹੋਈ ਅਤੇ ਉਸਨੇ ਪਾਗਲਪਨ 'ਚ ਆ ਕੇ ਆਪਣੀ ਹੀ ਭੈਣ ਨੂੰ ਭਾਖੜਾ ਵਿੱਚ ਧੱਕਾ ਦੇ ਦਿੱਤਾ ਸੀ।