ਹਰਿਆਣਾ ਦੇ ਵਿਦਿਆਰਥੀ ਦੀ ਅਬੋਹਰ 'ਚ ਰੇਲ ਲਾਈਨਾਂ 'ਤੇ ਮਿਲੀ ਲਾਸ਼

Last Updated: May 22 2018 19:54

ਹਰਿਆਣਾ ਦੇ ਹਿਸਾਰ ਵਾਸੀ ਇੱਕ ਵਿਦਿਆਰਥੀ ਦੀ ਬੀਤੀ ਰਾਤ ਅਬੋਹਰ 'ਚ ਰੇਲ ਲਾਈਨਾਂ ਤੋਂ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸੰਸਥਾ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਜਿੱਥੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।

ਜਾਣਕਾਰੀ ਮੁਤਾਬਿਕ ਸੋਮਵਾਰ ਰਾਤ ਕਰੀਬ 9 ਵਜੇ ਜੱਦ ਦਿੱਲੀ-ਸ਼੍ਰੀਗੰਗਾਨਗਰ ਇੰਟਰਸਿਟੀ ਅਬੋਹਰ ਦੇ ਇਲਾਕਾ ਰਾਮ ਨਗਰ ਦੇ ਕੋਲ ਪਹੁੰਚੀ ਤਾਂ ਇੱਕ ਨੌਜਵਾਨ ਦੀ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ। ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਰੇਲਵੇ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਮੋਰਚਰੀ 'ਚ ਰਖਵਾਇਆ। ਉਨ੍ਹਾਂ ਮ੍ਰਿਤਕ ਦੇ ਜੇਬ ਤੋਂ ਮਿਲੇ ਪਹਿਚਾਣ ਪੱਤਰ ਤੋਂ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਹਿਸਾਰ ਵਾਸੀ ਕਰੀਬ 21 ਸਾਲਾਂ ਸਚਿਨ ਪੁੱਤਰ ਧਰਮਵੀਰ ਵੱਜੋਂ ਹੋਈ ਹੈ, ਜੋ ਕਿ ਹਿਸਾਰ ਦੇ ਦਇਆਨੰਦ ਪੋਸਟ ਗ੍ਰੈਜੂਏਟ ਕਾਲਜ ਦਾ ਬੀ.ਐਸ.ਸੀ ਦੂਜੇ ਸਾਲ ਦਾ ਵਿਦਿਆਰਥੀ ਸੀ।

ਮੰਗਲਵਾਰ ਤੜਕੇ ਮ੍ਰਿਤਕ ਦੀ ਲਾਸ਼ ਲੈਣ ਅਬੋਹਰ ਪੁੱਜੇ ਉਸਦੇ ਪਰਿਵਾਰ ਨੇ ਦੱਸਿਆ ਕਿ ਸਚਿਨ ਪਿਛਲੇ ਤਿੰਨ ਦਿਨਾਂ ਤੋਂ ਫ਼ੋਨ ਨਹੀਂ ਚੁੱਕ ਰਿਹਾ ਸੀ। ਰੇਲਵੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਜਾਂ ਮਾਮਲਾ ਹੱਤਿਆ ਦਾ ਹੈ, ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।