6 ਦਿਨਾਂ ਪਹਿਲੇ ਗ਼ਾਇਬ ਹੋਏ ਨੌਜਵਾਨ ਦੀ ਭਾਖੜਾ 'ਚੋਂ ਮਿਲੀ ਲਾਸ਼

Last Updated: May 22 2018 16:05

ਥਾਣਾ ਖੇੜੀ ਗੰਢੇਆਂ ਪੁਲਿਸ ਨੇ ਇੱਕ ਮਾਮਲਾ ਦਰਜ਼ ਕੀਤਾ ਹੈ, ਜਿਸ ਦੇ ਅਨੁਸਾਰ 6 ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਅੱਜ ਭਾਖੜਾ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਮਰ 40 ਸਾਲ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਗੋਤਾ ਖੋਰਾਂ ਦੀ ਟੀਮ ਤੋਂ ਮ੍ਰਿਤਕ ਦੀ ਲਾਸ਼ ਲੈ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਦਿੱਤੀ ਹੈ, ਜਿਸ ਤੋਂ ਬਾਅਦ ਉਸ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ। ਮਾਮਲੇ ਦੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ 6 ਦਿਨ ਪਹਿਲਾਂ ਹਰਲਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਕੌਲੀ ਥਾਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 40 ਸਾਲਾਂ ਦਾ ਮੁੰਡਾ ਭੇਦ ਭਰੇ ਹਾਲਾਤ 'ਚ ਗ਼ਾਇਬ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤ ਸੰਤੋਖ ਸਿੰਘ ਪੁੱਤਰ ਤੁਲਸੀ ਰਾਮ, ਧਰਮਪਾਲ ਪੁੱਤਰ ਕਸ਼ਮੀਰੀ ਲਾਲ ਵਾਸੀਆਨ ਪਿੰਡ ਕੌਲੀ ਥਾਣਾ ਉਸ ਦਿਨ ਉਸ ਨੂੰ ਲੈ ਕੇ ਭਾਖੜਾ 'ਚ ਨਹਾਉਣ ਲਈ ਗਏ ਸਨ ਲੇਕਿਨ ਪਾਣੀ ਦੇ ਤੇਜ਼ ਵਹਾਅ ਨਾਲ ਮ੍ਰਿਤਕ ਬਲਵਿੰਦਰ ਨਹਿਰ 'ਚ ਰੁੜ੍ਹ ਗਿਆ, ਜਿਸ ਤੋਂ ਬਾਅਦ ਉਸ ਦੇ ਦੋਸਤ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਾ ਦਿੰਦੇ ਹੋਏ ਖ਼ੁਦ ਫ਼ਰਾਰ ਹੋ ਗਏ। ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।