ਸੜਕ ਕਿਨਾਰੇ ਖਤਾਨਾਂ 'ਚੋਂ ਪੁਲਿਸ ਨੂੰ ਮਿਲੀ ਵਿਅਕਤੀ ਦੀ ਲਾਸ਼, ਕਤਲ ਕਰਕੇ ਸੁੱਟਿਆ ਸੜਕ ਕਿਨਾਰੇ

Last Updated: May 21 2018 14:42

ਸਥਾਨਕ ਨੈਸ਼ਨਲ ਹਾਈਵੇ ਤੇ ਸਥਿਤ ਨਜ਼ਦੀਕੀ ਪਿੰਡ ਕਿਸ਼ਨਗੜ ਕੋਲ ਸੜਕ ਕਿਨਾਰੇ ਖਤਾਨਾਂ 'ਚੋਂ ਖੰਨਾ ਪੁਲਿਸ ਨੂੰ ਇੱਕ ਬੋਰੀ 'ਚ ਪਈ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਸਿਰ ਅਤੇ ਮੂੰਹ ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਮ੍ਰਿਤਕ ਦੇ ਲੱਗੀਆਂ ਸੱਟਾਂ ਅਤੇ ਬੋਰੀ 'ਚੋਂ ਲਾਸ਼ ਮਿਲਣ ਦੇ ਚੱਲਦੇ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਿਸੇ ਹੋਰ ਥਾਂ ਕਤਲ ਕਰਕੇ ਲਾਸ਼ ਨੂੰ ਟੋਇਆਂ 'ਚ ਸੁੱਟਿਆ ਗਿਆ ਹੈ। ਲਾਸ਼ ਮਿਲਣ ਦੇ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਦੇ ਬਾਅਦ ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ। ਬਾਅਦ 'ਚ ਲਾਸ਼ ਨੂੰ ਮੌਕੇ ਤੋਂ ਚੁਕਵਾ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਕਿਸ਼ਨਗੜ ਕੋਲ ਜੀ.ਟੀ ਰੋਡ ਕੰਢੇ ਟੋਇਆਂ ਵਿੱਚ ਝਾੜੀਆਂ ਕੋਲ ਇੱਕ ਬੋਰੀ 'ਚ ਵਿਅਕਤੀ ਦੀ ਲਾਸ਼ ਪਈ ਸੀ ਅਤੇ ਸੜਕ ਤੇ ਹੀ ਇੱਕ ਸਫੈਦ ਰੰਗ ਦੀ ਐਕਟਿਵਾ ਸਕੂਟਰੀ ਖੜੀ ਸੀ। ਲਵਾਰਸ ਹਾਲਤ 'ਚ ਸਕੂਟਰੀ ਅਤੇ ਲਾਸ਼ ਪਈ ਦੇਖ ਕੇ ਰਾਹਗੀਰਾਂ ਨੇ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ। ਜਿਸਦੇ ਬਾਅਦ ਸਰਪੰਚ ਨੇ ਪਿੰਡ ਦੇ ਕੁਝ ਲੋਕਾਂ ਨਾਲ ਮੌਕੇ ਤੇ ਪਹੁੰਚ ਕੇ ਦੇਖਿਆ ਅਤੇ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਭੇਦਭਰੇ ਹਾਲਾਤ 'ਚ ਟੋਇਆਂ 'ਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਬਾਅਦ ਡੀਐਸਪੀ (ਆਈ) ਰਣਜੀਤ ਸਿੰਘ ਬਦੇਸ਼ਾਂ, ਥਾਣਾ ਸਦਰ ਖੰਨਾ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਅਤੇ ਪੁਲਿਸ ਚੌਂਕੀ ਕੌਟਾਂ ਦੇ ਇੰਚਾਰਜ਼ ਏਐਸਆਈ ਜਗਜੀਵਨ ਰਾਮ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਪੁਲਿਸ ਅਧਿਕਾਰੀਆਂ ਨੇ ਸੜਕ ਕਿਨਾਰੇ ਖੜੀ ਐਕਟਿਵਾ ਸਕੂਟਰੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਕਾਗਜਾਤ ਵੀ ਬਰਾਮਦ ਹੋਏ ਅਤੇ ਜਾਂਚ ਦੌਰਾਨ ਸਕੂਟਰੀ ਦੀ ਆਰ.ਸੀ ਜਲੰਧਰ ਦੇ ਇੱਕ ਵਿਅਕਤੀ ਨਾਮ ਰਜਿਸਟਰੇਸ਼ਨ ਪਾਈ ਗਈ। ਜਾਂਚ ਕਰਨ ਦੇ ਬਾਅਦ ਪੜਤਾਲ 'ਚ ਸਾਹਮਣੇ ਆਇਆ ਕਿ ਮ੍ਰਿਤਕ ਜੀ.ਟੀ ਰੋਡ ਖੰਨਾ ਸਥਿਤ ਇੱਕ ਟਰਾਂਸਪੋਰਟ ਕੰਪਨੀ ਤੇ ਕੰਮ ਕਰਦਾ ਸੀ। ਜਿਸਦੀ ਪਹਿਚਾਣ ਸੰਦੀਪ ਟੋਪੀ ਵਾਸੀ ਹਰਨਾਮਪੁਰਾ (ਉੱਤਰ ਪ੍ਰਦੇਸ਼) ਹਾਲ ਵਾਸੀ ਸ਼ਾਸਤਰੀ ਨਗਰ, ਖੰਨਾ ਵਜੋਂ ਹੋਈ ਹੈ।

ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਖੰਨਾ ਨਵਜੋਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਸ਼ੁਰੂਆਤੀ ਤੌਰ ਤੇ ਪਾਇਆ ਗਿਆ ਹੈ ਕਿ ਮ੍ਰਿਤਕ ਨੂੰ ਕਤਲ ਕਰਨ ਦੇ ਬਾਅਦ ਸੜਕ ਕਿਨਾਰੇ ਟੋਇਆਂ 'ਚ ਸੁੱਟਿਆ ਗਿਆ ਹੈ। ਮਰਡਰ ਕੇਸ ਨੂੰ ਟਰੇਸ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ ਕੁਝ ਪੁਖਤਾ ਸੁਰਾਗ ਵੀ ਹੱਥ ਲੱਗੇ ਹਨ। ਉਮੀਦ ਹੈ ਕਿ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।