ਰਸਤਾ ਭਟਕ ਕੇ ਗੁੰਮ ਗੋਏ ਬੱਚੇ ਨੂੰ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਦੇ ਹਵਾਲੇ

Last Updated: May 19 2018 20:20

ਸ਼ਹਿਰ ਦੇ ਪੀਰਖਾਨਾ ਰੋਡ ਇਲਾਕੇ 'ਚੋਂ ਖੇਡਦੇ ਸਮੇਂ ਗੁੰਮ ਹੋਏ ਨਬਾਲਗ ਬੱਚੇ ਨੂੰ ਸਿਟੀ ਪੁਲਿਸ ਨੇ ਗਾਇਬ ਹੋਣ ਦੇ ਕੁਝ ਘੰਟਿਆਂ ਅੰਦਰ ਲੱਭ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚੇ ਨੂੰ ਸਹੀ ਸਲਾਮਤ ਹਾਲਾਤ 'ਚ ਮਿਲ ਜਾਣ ਦੇ ਬਾਅਦ ਉਸਦੇ ਮਾਤਾ-ਪਿਤਾ ਨੇ ਸਿਟੀ ਪੁਲਿਸ ਦੀ ਪ੍ਰਸ਼ੰਸਾ ਕੀਤੀ। ਘਰ ਦੇ ਬਾਹਰੋਂ ਬੱਚੇ ਦੇ ਗੁੰਮ ਹੋ ਜਾਣ ਦੇ ਬਾਅਦ ਉਸਦੇ ਪਿਤਾ ਗੁਰਿੰਦਰ ਸਿੰਘ ਨੇ ਬੀਤੀ ਰਾਤ ਸਿਟੀ ਪੁਲਿਸ ਕੋਲ ਬੱਚੇ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ।

ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਿਟੀ ਖੰਨਾ ਦੇ ਐਸਐਚਓ ਰਜਨੀਸ਼ ਸੂਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਪੀਰਖਾਨਾ ਰੋਡ ਸਥਿਤ ਜੱਸਲ ਵਾਲੀ ਗਲੀ 'ਚ ਰਹਿਣ ਵਾਲੇ ਗੁਰਿੰਦਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਬੀਤੇ ਦਿਨ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਉਸਦਾ ਅੱਠ ਸਾਲਾਂ ਦਾ ਲੜਕਾ ਗੋਲੂ ਘਰ ਦੇ ਬਾਹਰ ਖੇਡਦੇ ਸਮੇਂ ਕਿਤੇ ਚਲਾ ਗਿਆ ਅਤੇ ਕਾਫ਼ੀ ਸਮੇਂ ਤੱਕ ਵਾਪਸ ਘਰ ਨਹੀਂ ਪਹੁੰਚਿਆ। ਇਸਦੇ ਬਾਅਦ ਉਹ ਮੁਹੱਲੇ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਗੁੰਮ ਹੋਏ ਬੱਚੇ ਨੂੰ ਲੱਭਦਾ ਰਿਹਾ, ਪਰ ਬੱਚੇ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ। ਇਸਦੇ ਬਾਅਦ ਬੀਤੀ ਰਾਤ ਕਰੀਬ ਦੱਸ ਵਜੇ ਬੱਚੇ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਐਸਐਚਓ ਸੂਦ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਰਾਤ ਹੀ ਪੁਲਿਸ ਵੱਲੋਂ ਗੁੰਮ ਹੋਏ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਗਈ। ਪਰ ਹਨੇਰੇ ਹੋਣ ਕਾਰਨ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈਕ ਨਹੀਂ ਕੀਤੀ ਜਾ ਸਕੀ। ਸਵੇਰ ਹੋਣ ਤੇ ਏਐਸਆਈ ਬਲਦੇਵ ਰਾਜ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਲਾਕੇ 'ਚ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਰਸਤਾ ਭਟਕੇ ਘਰੋਂ ਗਾਇਬ ਹੋਇਆ ਬੱਚਾ ਗੋਲੂ ਸ਼ਹਿਰ ਦੀ ਗੁਰੂ ਅਮਰਦਾਸ ਮਾਰਕਿਟ ਇਲਾਕੇ 'ਚ ਸਹਿਮਿਆ ਬੈਠਾ ਮਿਲ ਗਿਆ।

ਜਿਸਦੇ ਬਾਅਦ ਸ਼ਿਕਾਇਤਕਰਤਾ ਗੁਰਿੰਦਰ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਉਸਨੇ ਆਪਣੇ ਬੱਚੇ ਦੀ ਪਹਿਚਾਣ ਕਰ ਲਈ। ਜਿਸਦੇ ਬਾਅਦ ਬੱਚੇ ਨੂੰ ਥਾਣੇ ਲਿਆਕੇ ਕਾਗਜ਼ੀ ਕਾਰਵਾਈ ਕਰਨ ਦੇ ਬਾਅਦ ਬੱਚੇ ਨੂੰ ਸਹੀ ਸਲਾਮਤ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਹਦਾਇਤ ਕੀਤੀ ਗਈ ਕਿ ਭਵਿੱਖ 'ਚ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ।