ਨਹਿਰ 'ਚ ਛਾਲ ਮਾਰਕੇ ਖੁਦਕਸ਼ੀ ਕਰਨ ਵਾਲੇ ਵਿਅਕਤੀ ਦੀ 6 ਦਿਨਾਂ ਬਾਅਦ ਮਿਲੀ ਲਾਸ਼

Jatinder Singh
Last Updated: May 19 2018 14:55

ਨਜ਼ਦੀਕੀ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਕੋਲ ਕਰੀਬ ਛੇ ਦਿਨ ਪਹਿਲਾਂ ਨਹਿਰ 'ਚ ਛਾਲ ਮਾਰਕੇ ਖੁਦਕਸ਼ੀ ਕਰਨ ਵਾਲੇ ਬਜ਼ੁਰਗ ਕਿਸਾਨ ਦੀ ਦੋਰਾਹਾ ਸ਼ਹਿਰ ਕੋਲ ਸਰਹਿੰਦ ਨਹਿਰ ਚੋਂ ਪੁਲਿਸ ਨੂੰ ਲਾਸ਼ ਬਰਾਮਦ ਹੋ ਗਈ ਹੈ। ਖੁਦਕਸ਼ੀ ਕਰਨ ਵਾਲੇ ਕਿਸਾਨ ਦੀ ਪਹਿਚਾਣ ਗੁਰਮੇਲ ਸਿੰਘ ਵਾਸੀ ਪਿੰਡ ਘੁਲਾਲ, ਥਾਣਾ ਸਮਰਾਲਾ ਦੇ ਤੌਰ ਤੇ ਹੋਈ ਹੈ। ਨਹਿਰ ਚੋਂ ਲਾਸ਼ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਮਿਲੀ ਜਾਣਕਾਰੀ ਦੇ ਮੁਤਾਬਕ ਕਰੀਬ ਛੇ ਦਿਨ ਪਹਿਲਾਂ ਬਜ਼ੁਰਗ ਕਿਸਾਨ ਗੁਰਮੇਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਜ਼ਦੀਕੀ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਕਹਿ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਚਲਾ ਗਿਆ ਸੀ। ਉਸੇ ਦਿਨ ਗੁਰਦੁਆਰਾ ਨਜ਼ਦੀਕ ਨਹਿਰ ਦੇ ਕਿਨਾਰੇ ਤੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਸਦਾ ਮੋਟਰਸਾਈਕਲ ਅਤੇ ਬੂਟ ਪਏ ਮਿਲੇ ਸਨ। ਉਸ ਸਮੇਂ ਤੋਂ ਹੀ ਸ਼ੱਕ ਜਾਹਰ ਕੀਤਾ ਜਾ ਰਿਹਾ ਸੀ ਕਿ ਗੁਰਮੇਲ ਸਿੰਘ ਨੇ ਨਹਿਰ 'ਚ ਛਾਲ ਮਾਰਕੇ ਖੁਦਕਸ਼ੀ ਕੀਤੀ ਹੈ। ਇਸਦੇ ਬਾਅਦ ਤੋਂ ਪਰਿਵਾਰਕ ਮੈਂਬਰ ਅਤੇ ਪੁਲਿਸ ਮੁਲਾਜ਼ਮ ਨਹਿਰ 'ਚ ਉਸਦੀ ਤਲਾਸ਼ ਕਰ ਰਹੇ ਸਨ। ਪਰ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ ਪੁਲਿਸ ਚੌਂਕੀ ਕਟਾਣੀ ਕਲਾਂ 'ਚ ਕਿਸਾਨ ਦੇ ਗਾਇਬ ਹੋਣ ਸਬੰਧੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਗਈ ਸੀ।

ਜਾਣਕਾਰੀ ਮੁਤਾਬਕ ਦੋਰਾਹਾ ਸ਼ਹਿਰ ਕੋਲੋਂ ਲੰਘਦੀ ਸਰਹਿੰਦ ਨਹਿਰ 'ਚ ਇੱਕ ਵਿਅਕਤੀ ਦੀ ਲਾਸ਼ ਤੈਰਦੀ ਦੇਖਕੇ ਕਿਸੇ ਵਿਅਕਤੀ ਨੇ ਦੋਰਾਹਾ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਬਾਅਦ ਪੁਲਿਸ ਮੁਲਾਜਮਾਂ ਨੇ ਮੌਕੇ ਤੇ ਪਹੁੰਚਕੇ ਗੋਤਾਖੋਰਾਂ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕਢਵਾਇਆ ਅਤੇ ਜਾਂਚ ਕਰਨ ਬਾਅਦ ਮ੍ਰਿਤਕ ਦੀ ਪਹਿਚਾਣ ਪਿੰਡ ਘੁਲਾਲ ਤੋਂ ਗਾਇਬ ਹੋਏ ਕਿਸਾਨ ਗੁਰਮੇਲ ਸਿੰਘ ਵਜੋਂ ਹੋਈ। ਜਿਸਦੇ ਬਾਅਦ ਚੌਂਕੀ ਕਟਾਣੀ ਕਲਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਭਰਾ ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਘੁਲਾਲ ਨੇ ਬਿਆਨ ਦਿੱਤਾ ਹੈ ਕਿ ਉਸਦਾ ਭਰਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ। ਜਿਸਦੇ ਚੱਲਦੇ ਉਸਨੇ ਨਹਿਰ 'ਚ ਛਾਲ ਮਾਰਕੇ ਖੁਦਕਸ਼ੀ ਕਰ ਲਈ ਹੈ। ਘਟਨਾ ਵਾਲੇ ਦਿਨ ਉਹ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ 'ਚ ਮੱਥਾ ਟੇਕਣ ਲਈ ਕਹਿ ਕੇ ਘਰੋਂ ਗਿਆ ਸੀ, ਪਰ ਬਾਅਦ 'ਚ ਉਸਦੀ ਬਾਇਕ ਅਤੇ ਪਹਿਨੇ ਬੂਟ ਨਹਿਰ ਕੰਢੇ ਤੋਂ ਬਰਾਮਦ ਹੋਏ ਸਨ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਚੋਂ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਹੈ।