ਜ਼ਿਲ੍ਹੇ ਵਿੱਚ ਐਮ.ਆਰ ਮੁਹਿੰਮ ਨੂੰ ਝਟਕਾ, 116 ਸਕੂਲਾਂ ਦਾ ਇੰਜੈਕਸ਼ਨ ਲਵਾਉਣ ਤੋਂ ਇਨਕਾਰ (ਖਾਸ ਖਬਰ)

Last Updated: May 17 2018 21:05

ਸੂਬੇ ਵਿੱਚ ਮੀਸਜ਼ਲ-ਰੂਬੇਲਾ (ਐਮ.ਆਰ) ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ। ਪਰ ਸੋਸ਼ਲ ਮੀਡੀਆ ਤੇ ਨੈਗੇਟਿਵ ਪ੍ਰਚਾਰ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚਲਦੇ ਕਈ ਸਕੂਲਾਂ ਨੇ ਤਾਂ ਇੰਜੈਕਸ਼ਨ ਲਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜੋਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਸਿਰਦਰਦ ਬਣ ਗਿਆ ਹੈ। ਜ਼ਿਲ੍ਹਾ ਕਪੂਰਥਲਾ ਵਿੱਚ ਵੀ ਐਮ.ਆਰ ਵੈਕਸੀਨ ਦੇ ਗਲਤ ਪ੍ਰਚਾਰ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਪਿਆ ਸੀ। ਇਸ ਜਾਗਰੂਕਤਾ ਨਾਲ ਕੁਝ ਫ਼ਰਕ ਤਾਂ ਪਿਆ, ਪਰ ਪਿੰਡਾਂ ਦੇ ਵਿੱਚ ਮਾਪਿਆਂ ਵੱਲੋਂ ਸਕੂਲਾਂ ਵਿੱਚ ਜਾ ਕੇ ਟੀਕਾ ਨਾ ਲਵਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਨਾ ਕਰ ਦਿੱਤਾ ਗਿਆ ਸੀ। ਜਿਸਦੇ ਚਲਦੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵਾਪਸ ਪਰਤਣਾ ਪਿਆ।

ਸਿਹਤ ਵਿਭਾਗ ਕਪੂਰਥਲਾ ਵੱਲੋਂ ਜ਼ਿਲ੍ਹੇ ਦੇ 116 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਲਿਸਟ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਭੇਜੀ ਗਈ ਹੈ। ਜਿਨ੍ਹਾਂ ਨੇ ਸਾਫ਼ ਤੌਰ ਤੇ ਟੀਕਾ ਬੱਚਿਆਂ ਨੂੰ ਲਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਲਈ ਇਸ ਮੁਹਿੰਮ ਨੂੰ ਸਫਲ ਬਣਾਉਣਾ ਟੇਢੀ ਖੀਰ ਸਾਬਤ ਹੋਵੇਗਾ। ਅਜੇ ਤੱਕ ਸਿੱਖਿਆ ਵਿਭਾਗ ਵੱਲੋਂ ਫ਼ੌਰੀ ਤੌਰ ਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਪਰ ਜਿਸ ਤਰ੍ਹਾਂ ਨਾਲ ਸਕੂਲਾਂ ਦੇ ਇਨਕਾਰੀ ਵਾਲੇ ਰਵੱਈਏ ਬਾਰੇ ਸਿਹਤ ਵਿਭਾਗ ਨੇ ਪੱਤਰ ਜਾਰੀ ਕੀਤਾ ਹੈ। ਉਸ ਤਰੀਕੇ ਨਾਲ ਲੱਗਦਾ ਹੈ, ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਸ਼ਾਨੀ ਜਰੂਰ ਵਧੇਗੀ। ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਹੈ। ਜੇਕਰ ਅਜਿਹਾ ਹੈ ਤਾਂ ਇਸ ਬਾਰੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਸ ਤੋਂ ਬਾਅਦ ਇਸ ਪਾਸੇ ਕੋਈ ਠੋਸ ਕਦਮ ਚੁੱਕਿਆ ਜਾਵੇਗਾ।