...ਤੇ ਹੁਣ ਨਸ਼ਾ ਕਰਨ ਵਾਲੇ ਮਰੀਜ਼ਾਂ ਦੇ ਹੋਇਆ ਕਰੇਗਾ ਓਟ ਸੈਂਟਰ 'ਚ ਇਲਾਜ

Last Updated: May 17 2018 21:00

ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਆਦੇਸ਼ਾਂ ਅਨੁਸਾਰ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕਰਨ ਲਈ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਓਟ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਓਟ ਸੈਂਟਰ ਵਿੱਚ ਹੈਰੋਇਨ, ਅਫ਼ੀਮ ਜਾਂ ਇਸ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲੇ ਮਰੀਜਾਂ ਨੂੰ ਨਸ਼ਾ ਛੱਡਣ ਸਬੰਧੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮਰੀਜ ਨੂੰ ਆਪਣੀ ਦਵਾਈ ਸ਼ੁਰੂ ਕਰਵਾਉਣ ਲਈ ਆਪਣੇ ਨੇੜੇ ਦੇ ਸਰਕਾਰੀ ਨਸ਼ਾ ਮੁਕਤੀ ਜਾਂ ਮੁੜ ਵਸੇਬਾ ਕੇਂਦਰ ਵਿਖੇ ਜਾਣਾ ਪਵੇਗਾ ਅਤੇ ਪਹਿਲੇ 3 ਜਾਂ 4 ਦਿਨ ਸਿਵਲ ਹਸਪਤਾਲ ਵਿਖੇ ਮਨੋਂ ਚਿਕਿਤਸਾ ਤੇ ਮਾਹਿਰ ਡਾਕਟਰ ਨੂੰ ਮਿਲਣਾ ਪਵੇਗਾ। ਇਸ ਉਪਰੰਤ ਓਟ ਕਲੀਨਿਕ ਵਿੱਚ ਜਾ ਕੇ ਰਜਿਸ਼ਟਰੇਸ਼ਨ ਕਰਵਾਉਣ ਤੋਂ ਬਾਅਦ ਸੈਂਟਰ ਵਿਖੇ ਕਾਊਂਸਲਰ ਨੂੰ ਮਿਲ ਕੇ ਡਾਕਟਰ ਕੋਲ ਜਾ ਕੇ ਮਰੀਜ ਦੇ ਯੂਰੀਨ ਦਾ ਟੈਸਟ ਕਰਵਾਉਣਾ ਪਵੇਗਾ, ਜੇਕਰ ਅਫ਼ੀਮ ਜਾਂ ਹੈਰੋਇਨ ਪੋਜ਼ੀਟਿਵ ਆਉਂਦਾ ਹੈ ਤਾਂ ਹੀ ਮਰੀਜ ਦੀ ਦਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਮਰੀਜ ਨੂੰ 3-4 ਦਿਨ ਸਰਕਾਰੀ ਨਸ਼ਾ ਮੁਕਤੀ/ਮੁੜ ਵਸੇਬਾ ਕੇਂਦਰ ਵਿਖੇ ਆਉਣ 'ਤੇ ਉੱਥੇ ਹੀ ਪਾਊਡਰ ਦੇ ਰੂਪ ਵਿੱਚ ਦਵਾਈ ਮੈਡੀਕਲ ਸਟਾਫ਼ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਵਾਈ ਖਾਣ ਤੋਂ ਬਾਅਦ ਮਰੀਜ ਨੂੰ ਪਹਿਲੇ 3-4 ਦਿਨ ਇੱਕ ਘੰਟਾ ਸੈਂਟਰ ਵਿੱਚ ਰੁਕਣਾ ਪਵੇਗਾ ਅਤੇ ਬਾਅਦ ਵਿੱਚ ਦਵਾਈ ਦੀ ਮਾਤਰਾ ਠੀਕ ਹੋ ਜਾਣ 'ਤੇ ਉਹ ਆਪਣੇ ਨੇੜੇ ਦੇ ਓਟ ਕਲੀਨਿਕ ਤੋਂ ਦਵਾਈ ਲੈ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ ਦੀ ਸਾਰੀ ਜਾਣਕਾਰੀ ਆਨਲਾਈਨ ਹੋਵੇਗੀ ਅਤੇ ਮਰੀਜ ਪੰਜਾਬ ਦੇ ਕਿਸੇ ਵੀ ਓਟ ਕਲੀਨਿਕ ਵਿੱਚ ਜਾ ਕੇ ਆਪਣਾ ਯੂ.ਆਈ.ਡੀ. ਨੰਬਰ ਦੱਸ ਕੇ ਦਵਾਈ ਲੈ ਸਕਦਾ ਹੈ। ਮਰੀਜਾਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ। ਇਹ ਕਲੀਨਿਕ ਰੋਜ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਖੁੱਲ੍ਹੇਗਾ। ਜਿਹੜਾ ਮਰੀਜ ਦਵਾਈ ਸੈਂਟਰ ਤੋਂ ਬਾਹਰ ਲੈ ਕੇ ਜਾਣ ਜਾਂ ਗ਼ਲਤ ਤਰੀਕੇ ਨਾਲ ਦਵਾਈ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਮਰੀਜ ਦੀ ਦਵਾਈ ਬੰਦ ਹੋ ਸਕਦੀ ਹੈ ਅਤੇ ਉਸ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।