ਪਿੰਡ ਅਜੀਜਪੁਰ ਵਿਖੇ ਅਗੇਤੀ ਲਗਾਈ ਇੱਕ ਕਨਾਲ ਪਨੀਰੀ ਵਿਭਾਗ ਨੇ ਕੀਤੀ ਨਸ਼ਟ

Last Updated: May 17 2018 20:58

ਅੱਜ ਪਿੰਡ ਅਜੀਜਪੁਰ ਵਿਖੇ ਵਿਭਾਗ ਵੱਲੋਂ ਜਾਂਚ ਕਰਕੇ ਇੱਕ ਕਿਸਾਨ ਵੱਲੋਂ 20 ਦਿਨ ਪਹਿਲਾਂ ਬੀਜੀ ਗਈ ਕਰੀਬ ਇੱਕ ਕਨਾਲ ਝੋਨੇ ਦੀ ਪਨੀਰੀ ਨੂੰ ਰਾਉਂਡਅੱਪ ਦਵਾਈ ਪਾ ਕੇ ਨਸ਼ਟ ਕੀਤਾ ਗਿਆ। ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀ ਬਾੜੀ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰੀਜਰਵੇਸ਼ਨ ਆਫ਼ ਸਬ ਸਾਇਲ ਐਕਟ 2019 ਵਿੱਚ ਸੋਧ ਕਰਕੇ ਝੋਨੇ ਦੀ ਪਨੀਰੀ ਬੀਜਣ ਦੀ ਤਾਰੀਕ 20 ਮਈ ਅਤੇ ਲਵਾਈ ਦੀ ਮਿਤੀ 20 ਜੂਨ ਨਿਸ਼ਚਿਤ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਉਪਰੋਕਤ ਸੋਧ ਨੂੰ ਮੁੱਖ ਰੱਖਦਿਆਂ ਕਿਸਾਨ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਨਾ ਬੀਜਣ ਅਤੇ ਨਾ ਹੀ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਇਸ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਸਾਲ ਝੋਨੇ ਦੀ ਇੱਕ ਨਵੀਂ ਕਿਸਮ ਪੀ.ਆਰ. 127 ਜਾਰੀ ਕੀਤੀ ਗਈ ਹੈ ਜੋ ਪੱਕਣ ਵਿੱਚ 137 ਦਿਨ ਦਾ ਸਮਾਂ ਲੈਂਦੀ ਹੈ। ਇਸ ਤੋਂ ਇਲਾਵਾ ਖੇਤੀ ਯੂਨੀਵਰਸਿਟੀ ਨੇ ਪੀ.ਆਰ. 126, ਪੀ.ਆਰ. 124, ਪੀ.ਆਰ. 123, ਪੀ.ਆਰ 122, ਪੀ.ਆਰ 121 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਹਨ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਫ਼ਸਲ ਦਾ ਬੀਜ ਖੇਤੀਬਾੜੀ ਵਿਭਾਗ, ਪੀ.ਏ.ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ ਵਿਕ੍ਰੇਤਾ ਤੋਂ ਹੀ ਖ਼ਰੀਦਣਾ ਚਾਹੀਦਾ ਹੈ ਅਤੇ ਆੜ੍ਹਤੀਏ ਤੋਂ ਬੀਜ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।