ਪਿੰਡ ਆਸਾਬਾਨੋ ਵਿਖੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਘਟਨਾ ਨੂੰ ਅੰਜਾਮ

Last Updated: May 17 2018 20:54

ਪਿੰਡ ਅਸੋਬਾਨੋ ਵਿਖੇ ਬੀਤੀ ਰਾਤ ਇੱਕ ਘਰ ਵਿਖੇ ਸੁੱਤੇ ਪਰਿਵਾਰ ਦੇ ਮੈਂਬਰਾਂ 'ਤੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 5 ਮੈਂਬਰ ਗੰਭੀਰ ਜ਼ਖਮੀ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਿਸਦੀ ਸੂਚਨਾ ਥਾਣਾ ਸੁਜਾਨਪੁਰ ਨੂੰ ਦਿੱਤੀ ਗਈ, ਸੂਚਨਾ ਮਿਲਣ ਦੇ ਬਾਅਦ ਥਾਣਾ ਸੁਜਾਨਪੁਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਰਾਜਸਥਾਨ ਦਾ ਪਰਿਵਾਰ ਪਿੰਡ ਆਸਾਬਾਨੋ ਵਿਖੇ ਸਨੁਪ ਸਿੰਘ ਪੁੱਤਰ ਜਗੀਰ ਸਿੰਘ ਦੇ ਫਾਰਮ ਹਾਊਸ ਵਿਖੇ ਰਹਿ ਰਿਹਾ ਸੀ। ਇਹ ਪਰਿਵਾਰ ਸੂਰ ਪਾਲਣ ਦੇ ਨਾਲ ਖੇਤੀਬਾੜੀ ਵੀ ਕਰਦਾ ਹੈ। ਪਿਛਲੀ ਰਾਤ ਤਕਰੀਬਨ 12 ਵਜੇ ਦੇ ਬਾਅਦ ਹਥਿਆਰ ਬੰਦ ਲੋਕਾਂ ਨੇ ਸੁੱਤੇ ਹੋਏ ਪਰਿਵਾਰ 'ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਵਿੱਚ ਰੂਪ ਰਾਣੀ ਦੀ ਮੌਕੇ 'ਤੇ ਹੀ ਮੋਤ ਹੋ ਗਈ ਅਤੇ ਪਰਿਵਾਰ ਮੈਂਬਰ ਹਰਿ ਰਾਮ, ਬਲਵਾਨ ਦਾਸ, ਧਰਮਵੀਰ, ਭਗਵਾਨ ਦਾਸ ਅਤੇ ਰਾਮ ਕਿਸ਼ਨ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪੁਲਿਸ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੀੜਤ ਧਰਮਵੀਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਸੁੱਤੇ ਹੋਏ ਸਨ ਕਿ ਅਚਾਨਕ 8 ਤੋਂ 10 ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਘਰ 'ਚ ਪਏ ਢਾਈ ਲੱਖ ਰੁਪਏ, ਪੰਜ ਤੋਲੇ ਸੋਨਾ ਅਤੇ ਢਾਈ ਕਿੱਲੋ ਚਾਂਦੀ ਲੈ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਵੱਲੋਂ ਵਿਰੋਧ ਕੀਤੇ ਜਾਨ 'ਤੇ ਉਨ੍ਹਾਂ ਵੱਲੋਂ ਮਾਰਕੁੱਟ ਕੀਤੀ ਗਈ, ਜਿਸ ਵਿੱਚ ਉਸਦੀ ਮਾਂ ਦੀ ਮੌਤ ਹੋ ਗਈ।